ਮੋਦੀ ਨੂੰ ਟੱਕਰ ਦੇਣ ਲਈ ''ਆਪ'' ਨੇ ਬਦਲੀ ਆਪਣੀ ਰਣਨੀਤੀ

08/18/2017 10:07:07 AM


ਜਲੰਧਰ(ਰਵਿੰਦਰ ਸ਼ਰਮਾ)—2019 ਦੀਆਂ ਸੰਸਦੀ ਚੋਣਾਂ ਨੂੰ ਲੈ ਕੇ ਭਾਜਪਾ ਲਗਾਤਾਰ ਆਪਣੇ ਕਦਮ ਅੱਗੇ ਵਧਾ ਰਹੀ ਹੈ। ਸਾਰੇ ਸੂਬਿਆਂ ਵਿਚ ਆਪਣੇ ਪੈਰ ਮਜ਼ਬੂਤੀ ਨਾਲ ਜਮਾਉਣ ਤੋਂ ਬਾਅਦ ਭਾਜਪਾ ਅਗਲੀ ਸੰਸਦੀ ਚੋਣ ਜਿੱਤਣ ਲਈ ਜ਼ੋਰ ਲਗਾ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਪੂਰੀ ਤਰ੍ਹਾਂ ਖਿਲਰੀ ਹੋਈ ਨਜ਼ਰ ਆ ਰਹੀ ਹੈ। ਕਾਂਗਰਸ ਨਾਲੋਂ ਜ਼ਿਆਦਾ ਗੰਭੀਰ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ। ਮੋਦੀ ਨੂੰ ਟੱਕਰ ਦੇਣ ਲਈ ਆਮ ਆਦਮੀ ਪਾਰਟੀ ਨੇ ਆਪਣੀ ਰਣਨੀਤੀ ਵਿਚ ਵੱਡਾ ਬਦਲਾਅ ਕੀਤਾ ਹੈ। ਹੁਣ ਪਾਰਟੀ ਦੇ ਆਗੂ ਮੋਦੀ ਦੇ ਖਿਲਾਫ ਅੱਗ ਉਗਲਣ ਦੀ ਬਜਾਏ ਗਰਾਸ ਰੂਟ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਜੁਟ ਗਏ ਹਨ।  ਚੁੱਪ ਚੁਪੀਤੇ ਪਾਰਟੀ ਨੇ ਆਪਣੇ ਹਜ਼ਾਰਾਂ ਵਲੰਟੀਅਰਾਂ ਨੂੰ ਦੇਸ਼ ਦੇ ਸਾਰੇ ਸੂਬਿਆਂ ਵਿਚ ਸਰਗਰਮ ਕਰ ਦਿੱਤਾ ਹੈ ਜੋ ਬਲਾਕ ਤੇ ਬੂਥ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ। ਪਾਰਟੀ ਫਿਲਹਾਲ ਫੰਡ ਦੀ ਸਮੱਸਿਆ ਨਾਲ ਵੀ ਜੂਝ ਰਹੀ ਹੈ।
ਪਾਰਟੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਤੇ ਆਪਣਾ ਸਮਾਂ ਤੇ ਪੈਸਾ ਬਰਬਾਦ ਕਰਨ ਦੀ ਬਜਾਏ ਆਪਣਾ ਪੂਰਾ ਫੋਕਸ 2019 ਚੋਣਾਂ 'ਤੇ ਕਰ ਰਹੀ ਹੈ। ਵਿਰੋਧੀ ਧਿਰ ਦੇ ਵਖਰੇਵੇਂ ਨਾਲ 'ਆਪ' ਨੂੰ ਦੇਸ਼ ਵਿਚ ਬੇਹੱਦ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਫੰਡ ਨਾਲ ਜੂਝ ਰਹੀ ਪਾਰਟੀ ਵਿਧਾਨ ਸਭਾ ਚੋਣਾਂ ਵਿਚ ਫਸ ਕੇ ਆਪਣਾ ਪੈਸਾ ਨਹੀਂ ਗੁਆਉਣਾ ਚਾਹੁੰਦੀ। ਪਾਰਟੀ ਦੇ ਵਿਧਾਇਕ ਤੇ ਸਪੋਕਸਮੈਨ ਸੌਰਭ ਭਾਰਦਵਾਜ ਦਾ ਕਹਿਣਾ ਹੈ ਕਿ ਇਕੱਲੇ ਚੋਣ ਲੜਨ ਨਾਲ ਹੀ ਪਾਰਟੀ ਦਾ ਵਿਸਥਾਰ ਨਹੀਂ ਹੁੰਦਾ, ਸਗੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਸੀਂ ਗਰਾਸ ਰੂਟ 'ਤੇ ਘਰ-ਘਰ ਪਹੁੰਚ ਰਹੇ ਹਾਂ। ਅਜੇ ਭਾਵੇਂ ਪਾਰਟੀ ਦੇ ਕੋਲ ਘੱਟ ਸਾਧਨ ਤੇ ਵਸੀਲੇ ਹਨ ਪਰ ਦੇਸ਼ ਭਰ ਵਿਚ ਸ਼ੁਰੂ ਕੀਤੀ ਜਾ ਰਹੀ ਕਿਸਾਨ ਯਾਤਰਾ ਨੂੰ ਲੈ ਕੇ ਪਾਰਟੀ ਨੂੰ ਕਾਫੀ ਪਾਜ਼ੇਟਿਵ ਰਿਸਪਾਂਸ ਮਿਲਿਆ ਹੈ। 
5 ਸੂਬਿਆਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਚਾਰਜ ਸੰਭਾਲਣ ਵਾਲੇ ਸੋਮਨਾਥ ਭਾਰਤੀ ਕਹਿੰਦੇ ਹਨ ਕਿ ਕੁਝ ਦਿਨ ਪਹਿਲਾਂ ਹੋਈ ਪਾਰਟੀ ਰੈਲੀ ਵਿਚ ਕਈ ਸਾਬਕਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਹਿੱਸਾ ਲਿਆ ਤੇ ਇਨ੍ਹਾਂ ਸੂਬਿਆਂ ਵਿਚ ਪਾਰਟੀ ਨੂੰ ਵਧੀਆ ਰਿਸਪਾਂਸ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਗਠਨ ਨੂੰ ਸੂਬਿਆਂ, ਪੰਚਾਇਤ ਤੇ ਬਲਾਕ ਪੱਧਰ 'ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਉਹ ਕਹਿੰਦੇ ਹਨ ਕਿ ਭਾਜਪਾ ਸ਼ਾਸਿਤ ਸੂਬਿਆਂ ਵਿਚ ਕਿਉਂਕਿ ਕਾਂਗਰਸ ਲਗਭਗ ਖਤਮ ਹੋਣ ਕੰਢੇ ਹੈ ਤੇ ਉਥੇ 'ਆਪ' ਆਪਣਾ ਭਵਿੱਖ ਦੇਖ ਰਹੀ ਹੈ ਤੇ ਭਾਜਪਾ ਨੂੰ ਚੁਣੌਤੀ ਦੇਣ ਦਾ ਸੁਪਨਾ ਲੈ ਰਹੀ ਹੈ। ਜੇ. ਡੀ. ਯੂ. ਆਗੂ ਨਿਤੀਸ਼ ਕੁਮਾਰ ਤੇ ਐੱਨ. ਸੀ. ਪੀ. ਦੇ ਭਾਜਪਾ ਦੇ ਨਾਲ ਆ ਜਾਣ ਤੋਂ ਬਾਅਦ ਹੁਣ 'ਆਪ' ਆਪਣੀ ਰਣਨੀਤੀ ਵਿਚ ਵੀ ਬਦਲਾਅ ਕਰਨ 'ਤੇ ਜ਼ੋਰ ਦੇ ਰਹੀ ਹੈ। ਹੁਣ 'ਆਪ' ਵਿਰੋਧੀ ਧਿਰ ਦੇ ਤੌਰ 'ਤੇ ਚੰਗੇ ਸਾਥੀਆਂ ਦੀ ਭਾਲ ਵਿਚ ਹੈ, ਜੋ ਭਾਜਪਾ ਦਾ ਦਬਾਅ ਨਾ ਝੱਲ ਸਕਣ। 'ਆਪ' ਆਗੂਆਂ ਦਾ ਮੰਨਣਾ ਹੈ ਕਿ ਫੰਡ ਲਈ ਨਵੇਂ ਸੋਰਸ ਭਾਲੇ ਜਾ ਰਹੇ ਹਨ ਕਿਉਂਕਿ ਪਾਰਟੀ ਨੂੰ ਫੰਡਿੰਗ ਕਰਨ ਵਾਲੇ ਕਈ ਲੋਕਾਂ ਨੂੰ ਮੌਜੂਦਾ ਭਾਜਪਾ ਸਰਕਾਰ ਨੇ ਲੀਗਲ ਤੇ ਇਨਕਮ ਟੈਕਸ ਵਿਚ ਫਸਾਇਆ ਹੋਇਆ ਹੈ, ਜਿਸ ਨਾਲ ਪਾਰਟੀ ਦੀ ਫੰਡਿੰਗ 'ਤੇ ਅਸਰ ਪੈ ਰਿਹਾ ਹੈ। ਪਾਰਟੀ ਨੂੰ ਨਵਾਂ ਰੂਪ ਦੇਣ ਲਈ ਹੁਣ ਇਨਫਾਰਮੇਸ਼ਨ ਟੈਕਨਾਲੋਜੀ 'ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਹਰ ਨੌਜਵਾਨ ਤੱਕ  2019 ਚੋਣਾਂ ਤੋਂ ਪਹਿਲਾਂ ਪਾਰਟੀ ਦੀ ਪਕੜ ਬਣਾਈ ਜਾ ਸਕੇ।


Related News