''ਆਪ'' ਨੇ ਏਅਰਪੋਰਟ ''ਤੇ ਲਾਇਆ ਧਰਨਾ

05/30/2017 10:47:24 AM

ਅੰਮ੍ਰਿਤਸਰ, (ਪੁਰੀ) - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਏਅਰਪੋਰਟ 'ਤੇ ਸਵਾਗਤ ਕਰਨ ਜਾਣਾ ਕਈ ਆਗੂਆਂ ਨੂੰ ਮਹਿੰਗਾ ਪਿਆ। ਕੇਜਰੀਵਾਲ ਦਾ ਸਵੇਰੇ 10 ਵਜੇ ਦੇ ਕਰੀਬ ਏਅਰਪੋਰਟ 'ਤੇ ਆਉਣ ਦਾ ਸਮਾਂ ਸੀ। ਉਨ੍ਹਾਂ ਦੇ ਸਵਾਗਤ ਲਈ ਸੂਬਾਈ ਆਗੂ ਕੁਲਦੀਪ ਸਿੰਘ ਧਾਰੀਵਾਲ, ਸਰਬਜੀਤ ਸਿੰਘ ਗੁੰਮਟਾਲਾ, ਸੁਖਜਿੰਦਰ ਸਿੰਘ ਪੰਨੂੰ, ਸਤਪਾਲ ਸਿੰਘ ਸੋਖੀ, ਐੱਮ. ਐੱਲ. ਏ. ਜਗਦੇਵ ਸਿੰਘ, ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਤੋਂ ਇਲਾਵਾ ਹੋਰ ਵੀ ਆਗੂ ਪੁੱਜੇ ਸਨ, ਜਦੋਂ ਸਵਾਗਤ ਕਰਨ ਵਾਲਿਆਂ 'ਚ ਇਕ ਦੇ ਨਹੀਂ ਸਗੋਂ ਪੰਜਾਂ ਆਗੂਆਂ ਦੇ ਮੋਬਾਇਲ ਚੋਰੀ ਹੋ ਗਏ ਜਾਂ ਉਨ੍ਹਾਂ ਦੀਆਂ ਜੇਬਾਂ 'ਚੋਂ ਪਰਸ ਗਾਇਬ ਹੋ ਗਏ। ਕੁਲਦੀਪ ਸਿੰਘ ਧਾਰੀਵਾਲ ਦੀ ਅਗਵਾਈ 'ਚ ਜਦੋਂ ਏਅਰਪੋਰਟ ਅਧਿਕਾਰੀਆਂ ਦੇ ਨਾਲ ਉੱਚਿਤ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੋਈ ਵੀ ਭਰੋਸਾ ਦੇਣ ਦੀ ਥਾਂ ਗਲਤ ਵਿਵਹਾਰ 'ਤੇ ਉੱਤਰ ਆਏ, ਜਿਸ ਤੋਂ ਗੁੱਸੇ 'ਚ ਆ ਕੇ ਹਾਜ਼ਰ ਆਗੂਆਂ ਵੱਲੋਂ ਏਅਰਪੋਰਟ ਦੇ ਅਧਿਕਾਰੀਆਂ ਵਿਰੁੱੱਧ ਧਰਨਾ ਦੇ ਦਿੱਤਾ ਗਿਆ। ਅਧਿਕਾਰੀਆਂ ਵੱਲੋਂ ਕੋਈ ਵੀ ਭਰੋਸਾ ਨਾ ਦਿੱਤੇ ਜਾਣ 'ਤੇ ਪੁਲਸ ਨੂੰ ਦਖਲ-ਅੰਦਾਜ਼ੀ ਕਰਨੀ ਪਈ। ਕੁਲਦੀਪ ਸਿੰਘ ਧਾਰੀਵਾਲ ਨੇ ਦੱਸਿਆ ਕਿ ਏਅਰਪੋਰਟ 'ਤੇ ਵੀ ਮੋਬਾਇਲ ਅਤੇ ਪਰਸ ਚੋਰੀ ਹੋ ਜਾਣਾ ਇਹ ਸਾਬਤ ਕਰਦਾ ਹੈ ਕਿ ਏਅਰਪੋਰਟ ਦੇ ਅੰਦਰ ਵੀ ਚੋਰਾਂ ਤੇ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਲੱਗੇ ਹੋਣ ਦੇ ਬਾਵਜੂਦ ਵੀ ਅਧਿਕਾਰੀ ਉਨ੍ਹਾਂ ਦੇ ਨਾਲ ਕਿਸੇ ਤਰ੍ਹਾਂ ਵੀ ਸਹਿਮਤੀ ਨਾ ਪ੍ਰਗਟਾਉਣ ਤੋਂ ਇਹ ਲੱਗਦਾ ਹੈ ਕਿ ਚੋਰਾਂ ਦੇ ਨਾਲ ਰਲੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਉਨ੍ਹਾਂ ਵੱਲੋਂ ਕੀਤੀ ਗਈ ਹੈ । ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਤੁਰੰਤ ਪਰਚਾ ਦਰਜ ਕੀਤਾ ਜਾਵੇ। ਧਾਰੀਵਾਲ ਨੇ ਦੱਸਿਆ ਕਿ ਮੌੜ ਹਲਕੇ ਤੋਂ ਐੱਮ.ਐੱਲ.ਏ. ਜਗਦੇਵ ਸਿੰਘ ਦਾ ਮੋਬਾਇਲ, ਸੁਖਜਿੰਦਰ ਸਿੰਘ ਪੰਨੂੰ ਜਿਸ ਦੇ ਪਰਸ 'ਚ 60 ਹਜ਼ਾਰ ਰੁਪਿਆ ਸਨ, ਸਤਪਾਲ ਸਿੰਘ ਸੋਖੀ ਜਿਨ੍ਹਾਂ ਦਾ ਪਰਸ ਅਤੇ ਮੋਬਾਇਲ ਚੋਰੀ ਹੋ ਗਿਆ ਹੈ। ਇਸ ਸਬੰਧੀ ਜੇ ਕੋਈ ਇਨਸਾਫ ਨਾ ਮਿਲਿਆ ਤਾਂ ਉਹ ਏਅਰਪੋਰਟ ਦੇ ਅਧਿਕਾਰੀਆਂ ਵਿਰੁੱਧ ਆਪਣੀ ਲੜਾਈ ਜਾਰੀ ਰੱਖਣਗੇ।


Related News