ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਲੋਕਸਭਾ ਚੋਣਾਂ ਨੂੰ ਲੈ ਕੇ ਬਜਾਇਆ ਬਿਗੁਲ

08/17/2017 9:48:34 PM

ਗੁਰਦਾਸਪੁਰ (ਦੀਪਕ, ਵਿਨੋਦ) – ਆਮ ਆਦਮੀ ਪਾਰਟੀ ਦੀ ਲੋਕ ਸਭਾ ਦੀ ਚੋਣ ਨੂੰ ਲੈ ਕੇ ਗੁਰਦਾਸਪੁਰ ਦੇ ਜ਼ਿਲਾ ਪ੍ਰਧਾਨ ਗੁਰਪ੍ਰਤਾਪ ਸਿੰਘ ਅਤੇ ਜ਼ੋਨ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਦੀ ਅਗਵਾਈ ਹੇਠ ਇਕ ਮੀਟਿੰਗ ਸਥਾਨਕ ਹੋਟਲ ਵਿਚ ਕੀਤੀ ਗਈ, ਜਿਸ ਵਿਚ ਪਾਰਟੀ ਦੇ ਪੰਜਾਬ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅਤੇ ਕਨਵੀਨਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਸ਼ਾਮਲ ਹੋਏ। 
ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਡੀ ਅੱਜ ਦੀ ਮੀਟਿੰਗ ਗੁਰਦਾਸਪੁਰ ਵਿਚ ਲੋਕ ਸਭਾ ਦੀ ਚੋਣ ਵਿਚ ਉਮੀਦਵਾਰ ਨੂੰ ਲੈ ਕੇ ਹੋਈ ਹੈ, ਜਿਸ ਵਿਚ ਗੁਰਦਾਸਪੁਰ ਜ਼ਿਲੇ ਦੇ 9 ਹਲਕਿਆਂ ਤੋਂ ਉਮੀਦਵਾਰ ਅਤੇ ਪਾਰਟੀ ਦੇ ਸੀਨੀਅਰ ਵਰਕਰ ਹਾਜ਼ਰ ਹੋਏ ਹਨ ਜਿਨ੍ਹਾਂ ਨਾਲ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।  ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਗੁਰਦਾਸਪੁਰ ਵਿਚ ਝੰਡਾ ਲਹਿਰਾਉਣ ਦਾ ਇਕੋ ਹੀ ਮਕਸਦ ਸੀ ਕਿ ਨੇੜੇ ਆ ਰਹੀ ਲੋਕ ਸਭਾ ਦੀ ਚੋਣ ਨੂੰ ਲੈ ਕੇ ਲੋਕਾਂ ਨੂੰ ਲੁਭਾਉੁਣਾ, ਜਿਸ ਕਰ ਕੇ ਇਸ ਨੇ ਗੁਰਦਾਸਪੁਰ ਜ਼ਿਲੇ ਵਿਚ ਕਰੋੜਾਂ ਰੁਪਏ ਫੰਡ ਦੇ ਕੇ ਬਾਕੀ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਕੈਪਟਨ ਅਮਰਿੰਦਰ 'ਤੇ ਦੋਸ਼ ਲਾਉਂਦਿਆਂ ਖਹਿਰਾ ਨੇ ਕਿਹਾ ਕਿ ਕੈਪਟਨ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਧੋਖਾ ਕਰ ਰਿਹਾ ਹੈ ਕਿਉਂਕਿ 1500 ਕਰੋੜ ਕਿਸਾਨਾਂ ਦਾ ਕਰਜ਼ਾ ਦੇਣ ਦਾ ਇਸ ਨੇ ਐਲਾਨ ਕੀਤਾ ਸੀ, ਜੋ ਕਿਸਾਨਾਂ ਲਈ ਬਹੁਤ ਘੱਟ ਹੈ। ਇਸ ਤੋਂ ਚੰਗਾ ਹੈ ਕਿ ਇਹ ਕਿਸਾਨਾਂ ਦੇ ਬੈਂਕਾਂ ਦਾ ਉਦੋਂ ਤੱਕ ਵਿਆਜ ਦਿੰਦਾ ਰਹੇ, ਜਦੋਂ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕਰਦਾ। ਜਦੋਂ ਸਰਕਾਰ ਕੋਲ ਪੈਸੇ ਆਉਣਗੇ ਤਾਂ ਫਿਰ ਕਰਜ਼ਾ ਮੁਆਫ ਕਰ ਦੇਣ। ਇਸ ਦੌਰਾਨ ਅਮਰਜੀਤ ਸਿੰਘ ਚਾਹਲ, ਅਮਰਪਾਲ ਸਿੰਘ, ਜਸਬੀਰ ਸਿੰਘ, ਜੋਗਿੰਦਰ ਸਿੰਘ ਛੀਨਾ, ਆਰ. ਬਿੱਲਾ, ਅਮਰਜੀਤ ਸਿੰਘ ਠੇਕੇਦਾਰ, ਮੈਡਮ ਸਿਮਰਨਜੀਤ ਕੌਰ ਅਤੇ ਹੋਰ ਕਈ ਪਾਰਟੀ ਦੇ ਅਹੁਦੇਦਾਰ ਹਾਜ਼ਰ ਸਨ।


Related News