ਕੈਪਟਨ ਰੱਦ ਕੀਤੇ ਉਮੀਦਵਾਰਾਂ ਨੂੰ ਲੋਕਾਂ ਦੇ ਸਿਰਾਂ ''ਤੇ ਬਿਠਾ ਰਿਹੈ : ਭਗਵੰਤ ਮਾਨ

10/19/2017 10:23:58 AM

ਚੰਡੀਗੜ੍ਹ (ਬਿਊਰੋ)- ਅਕਾਲੀ-ਭਾਜਪਾ ਸਰਕਾਰ ਦੀ ਤਰਜ਼ 'ਤੇ ਕੈਪਟਨ ਸਰਕਾਰ ਵੱਲੋਂ ਹਾਰੇ ਹੋਏ ਉਮੀਦਵਾਰਾਂ ਰਾਹੀਂ ਸਰਕਾਰੀ ਚੈੱਕ ਵੰਡਣ ਦੀ ਪ੍ਰਕਿਰਿਆ ਨੂੰ ਲੋਕਤੰਤਰ ਵਿਰੋਧੀ ਦੱਸਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖਤ ਨਿਖੇਧੀ ਕੀਤੀ ਹੈ। 'ਆਪ' ਵੱਲੋਂ ਜਾਰੀ ਬਿਆਨ 'ਚ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦਸ ਸਾਲ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਅਤੇ ਲੋਕਤੰਤਰ ਦੀ ਪ੍ਰਵਾਹ ਕੀਤੇ ਬਿਨਾਂ ਜੋ-ਜੋ ਆਪਹੁਦਰੀਆਂ ਕੀਤੀਆਂ ਸਨ, ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਕਰ ਰਹੀ ਹੈ। ਲੋਕਾਂ ਵੱਲੋਂ ਰੱਦ ਕੀਤੇ ਜਾ ਚੁੱਕੇ ਉਮੀਦਵਾਰਾਂ ਨੂੰ ਪਹਿਲਾਂ 'ਹਲਕਾ ਇੰਚਾਰਜਾਂ' ਦੇ ਨਾਂ 'ਤੇ ਬਾਦਲ ਸਰਕਾਰ ਨੇ ਲੋਕਾਂ ਦੇ ਸਿਰਾਂ 'ਤੇ ਧੱਕੇ ਨਾਲ ਬਿਠਾਈ ਰੱਖਿਆ ਤੇ ਹੁਣ ਕੈਪਟਨ ਸਰਕਾਰ 'ਸਮਾਜ ਦੇ ਨਿਗਰਾਨਾਂ' ਦੇ ਰੂਪ 'ਚ ਬਿਠਾ ਰਹੀ ਹੈ, ਜਦਕਿ ਇਹੋ ਕਾਂਗਰਸੀ ਅਤੇ ਕੈਪਟਨ ਅਮਰਿੰਦਰ ਸਿੰਘ ਅਕਾਲੀ-ਭਾਜਪਾ ਦੇ 'ਹਲਕਾ ਇੰਚਾਰਜਾਂ' ਦਾ ਵਿਰੋਧ ਕਰਦੇ ਹੋਏ ਵਿਕਾਸ ਕਾਰਜਾਂ ਅਤੇ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਲਈ ਸਥਾਨਕ ਵਿਧਾਇਕਾਂ ਦੀ ਸ਼ਮੂਲੀਅਤ ਮੰਗਦੇ ਸਨ। ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਇਕੋ ਥੈਲੀ ਦੇ ਚੱਟੇ-ਵੱਟੇ ਸਾਬਤ ਹੋਏ ਹਨ। ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਤੀਆਂ ਦੇ ਨਾਂ ਬਦਲ ਕੇ ਜੁਮਲਿਆਂ ਦੀ ਬਰਸਾਤ ਕਰ ਰਹੇ ਹਨ, ਉਥੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਵੱਲੋਂ ਰੱਦ ਕੀਤੇ ਆਪਣੇ ਕਾਂਗਰਸੀ ਉਮੀਦਵਾਰਾਂ ਦੇ ਨਾਂ ਬਦਲ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
 ਭਗਵੰਤ ਮਾਨ ਨੇ ਆਪਣੇ ਲੋਕ ਸਭਾ ਹਲਕੇ ਸੰਗਰੂਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਹਿਲਾਂ ਭਦੌੜ ਤੋਂ ਹਾਰੇ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਹਲਕੇ ਦਾ 'ਚੌਧਰੀ' ਬਣਾ ਕੇ ਬਾਦਲਾਂ ਨੇ ਲੋਕਾਂ ਦਾ ਮਜ਼ਾਕ ਉਡਾਇਆ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਵੱਲੋਂ ਰੱਦ ਕੀਤੇ ਜਾ ਚੁੱਕੇ ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਲੋਕਾਂ ਦੇ ਸਿਰ 'ਤੇ ਬਿਠਾਇਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕਤੰਤਰ 'ਚ ਉਹ ਹੀ ਜਨਤਾ ਦਾ ਆਗੂ ਹੁੰਦਾ ਹੈ ਜੋ ਲੋਕਾਂ ਦੇ ਮਨਾਂ 'ਤੇ ਰਾਜ ਕਰਨ ਦੀ ਸਮਰੱਥਾ ਰੱਖਦਾ ਹੋਵੇ, ਧੱਕੇ ਨਾਲ 'ਚੌਧਰੀ' ਬਣਾਏ ਹੋਏ ਤਥਾ-ਕਥਿਤ ਆਗੂਆਂ ਨੂੰ ਲੋਕ ਇਕ ਨਹੀਂ ਵਾਰ-ਵਾਰ ਰੱਦ ਕਰਨ ਦੀ ਤਾਕਤ ਰੱਖਦੇ ਹਨ।


Related News