ਨਿਗਮ ਚੋਣਾਂ ਵਿਚ ਸਾਰੀਆਂ ਸੀਟਾਂ ''ਤੇ ਉਮੀਦਵਾਰ ਵੀ ਪੂਰੇ ਨਹੀਂ ਕਰ ਸਕੀ ''ਆਪ''

12/13/2017 6:47:37 AM

ਚੰਡੀਗੜ੍ਹ(ਰਮਨਜੀਤ)-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਵਿਚ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਮੌਜੂਦਾ ਨਗਰ ਨਿਗਮ ਚੋਣਾਂ ਲਈ ਪੂਰੇ ਉਮੀਦਵਾਰ ਵੀ ਨਹੀਂ ਜੁਟਾ ਸਕੀ ਹੈ। ਹਾਲਾਂਕਿ ਪਾਰਟੀ ਦਾਅਵਾ ਕਰ ਰਹੀ ਹੈ ਕਿ ਸੱਤਾਧਾਰੀ ਕਾਂਗਰਸ ਦੇ ਦਬਾਅ ਵਿਚ ਕਈ ਥਾਵਾਂ 'ਤੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਤੇ ਕਈ ਥਾਵਾਂ 'ਤੇ ਉਨ੍ਹਾਂ ਦੇ ਉਮੀਦਵਾਰ ਪਾਰਟੀ ਸਿੰਬਲ ਦੀ ਬਜਾਏ ਆਜ਼ਾਦ ਤੌਰ 'ਤੇ ਮੈਦਾਨ ਵਿਚ ਉਤਰੇ ਹਨ ਪਰ ਰਾਜਨੀਤਕ ਪਾਰਟੀ ਲਈ ਚੋਣਾਂ ਦੌਰਾਨ ਉਮੀਦਵਾਰ ਨਾ ਖੜ੍ਹੇ ਕਰ ਸਕਣਾ ਕਿਤੇ ਨਾ ਕਿਤੇ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਜਾਣਕਾਰੀ ਮੁਤਾਬਿਕ ਰਾਜ ਦੇ 3 ਵੱਡੇ ਸ਼ਹਿਰਾਂ ਵਿਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਹਾਲਾਂਕਿ ਆਮ ਆਦਮੀ ਪਾਰਟੀ ਵਲੋਂ ਕਾਫ਼ੀ ਪਹਿਲਾਂ ਹੀ ਕਸਰਤ ਸ਼ੁਰੂ ਕਰ ਦਿੱਤੀ ਗਈ ਸੀ ਤੇ ਰਾਜ ਪੱਧਰੀ ਲੀਡਰਸ਼ਿਪ ਵਲੋਂ ਸਾਰੇ ਨਿਗਮ ਸ਼ਹਿਰਾਂ ਵਿਚ ਸਥਾਨਕ ਯੂਨਿਟਾਂ ਦੇ ਨਾਲ ਬੈਠਕਾਂ ਕਰਕੇ ਉਮੀਦਵਾਰ ਮੈਦਾਨ ਵਿਚ ਉਤਾਰਨ ਦਾ ਵੀ ਕੰਮ ਕੀਤਾ ਸੀ। ਸ਼ੁਰੂਆਤੀ ਦੌਰ ਵਿਚ ਕੁਝ ਲੋਕਾਂ ਵਲੋਂ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਲੜਨ ਲਈ ਕਾਫ਼ੀ ਉਤਸ਼ਾਹ ਦਿਖਾਇਆ ਗਿਆ ਸੀ ਪਰ ਨਾਮਜ਼ਦਗੀ ਫਾਰਮ ਭਰਨ ਦਾ ਸਮਾਂ ਆਉਂਦੇ ਹੀ ਪਾਰਟੀ ਨੂੰ ਸਥਾਨਕ ਪੱਧਰ 'ਤੇ ਗਠਜੋੜ ਕਰਕੇ ਉਮੀਦਵਾਰਾਂ ਦੀ ਗਿਣਤੀ ਪੂਰੀ ਕਰਨ ਤੱਕ ਦਾ 'ਜੁਗਾੜ' ਕਰਨਾ ਪਿਆ ਹੈ। ਪੰਜਾਬ ਦੇ ਪੁਰਾਣੇ ਨਗਰ ਨਿਗਮਾਂ ਵਿਚ ਸ਼ੁਮਾਰ ਜਲੰਧਰ ਵਿਚ ਆਮ ਆਦਮੀ ਪਾਰਟੀ ਸਿਰਫ਼ 46 ਉਮੀਦਵਾਰ ਹੀ ਖੜ੍ਹੇ ਕਰ ਸਕੀ ਹੈ, ਜਦਕਿ ਜਲੰਧਰ ਨਗਰ ਨਿਗਮ ਵਿਚ ਕੁੱਲ ਵਾਰਡਾਂ ਦੀ ਗਿਣਤੀ 80 ਹੈ। ਉਥੇ ਹੀ ਇਤਿਹਾਸਕ ਗੁਰੂ ਕੀ ਨਗਰੀ ਅੰਮ੍ਰਿਤਸਰ ਨਗਰ ਨਿਗਮ ਵਿਚ ਉਮੀਦਵਾਰਾਂ ਦੀ ਗਿਣਤੀ ਪੂਰੀ ਕਰਨ ਲਈ ਸੀ. ਪੀ. ਆਈ. ਤੇ ਬੀ. ਐੱਸ. ਪੀ. ਨਾਲ ਗਠਜੋੜ ਕੀਤਾ ਗਿਆ ਹੈ। ਇਥੇ ਵੀ ਪਾਰਟੀ ਦੇ ਕੁੱਝ ਵਰਕਰ ਪਾਰਟੀ ਚੋਣ ਨਿਸ਼ਾਨ ਦੀ ਥਾਂ ਆਜ਼ਾਦ ਤੌਰ 'ਤੇ ਖੜ੍ਹੇ ਹਨ। ਉਧਰ ਪਟਿਆਲਾ ਵਿਚ ਵੀ ਪਾਰਟੀ 48 ਉਮੀਦਵਾਰ ਹੀ ਮੈਦਾਨ ਵਿਚ ਉਤਾਰਨ ਵਿਚ ਸਫ਼ਲ ਰਹੀ ਹੈ, ਜਦਕਿ ਇਥੇ ਕੁੱਲ 60 ਵਾਰਡ ਹਨ। ਇਸ ਸਬੰਧੀ ਗੱਲ ਕਰਨ 'ਤੇ ਪਾਰਟੀ ਦੇ ਪੰਜਾਬ ਉਪ ਪ੍ਰਧਾਨ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਮਿਊਂਸੀਪਲ ਚੋਣਾਂ ਦੌਰਾਨ ਸੱਤਾ ਧਿਰ ਵਲੋਂ ਲੋਕਤੰਤਰਿਕ ਮਰਿਆਦਾ ਨੂੰ ਤਾਰ-ਤਾਰ ਕੀਤਾ ਜਾ ਰਿਹਾ ਹੈ। ਸਾਡੀ ਪਾਰਟੀ ਦੇ ਕਈ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਧਮਕਾਇਆ ਵੀ ਗਿਆ ਤੇ ਨਾ ਮੰਨਣ 'ਤੇ ਕੋਈ ਨਾ ਕੋਈ ਕਮੀ ਕੱਢ ਕੇ ਨਾਮਜ਼ਦਗੀ ਪੱਤਰ ਰੱਦ ਵੀ ਕਰਵਾ ਦਿੱਤੇ ਗਏ ਪਰ ਫਿਰ ਵੀ ਆਮ ਆਦਮੀ ਪਾਰਟੀ ਦੇ ਵਰਕਰ ਡੱਟ ਕੇ ਮੈਦਾਨ ਵਿਚ ਜੰਮੇ ਹੋਏ ਹਨ ਤੇ ਸੱਤਾ ਧਿਰ ਨੂੰ ਕਰਾਰਾ ਜਵਾਬ ਦੇਣਗੇ।


Related News