ਸੜਕਾਂ ਦੇ ਪੈਚ ਵਰਕ ਦੇ ਨਾਂ ''ਤੇ ਲੱਖਾਂ ਰੁਪਏ ਦੇ ਘੋਟਾਲੇ ਦੀ ਹੋਵੇ ਜਾਂਚ : ਵਿਧਾਇਕ ਬੁੱਧ ਰਾਮ

12/11/2017 5:27:05 PM

ਬੁਢਲਾਡਾ (ਬਾਂਸਲ) : ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ਦੀਆਂ ਸੜਕਾਂ ਦੀ ਮਾੜ੍ਹੀ ਹਾਲਤ ਅਤੇ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੇ ਸੀਵਰੇਜ ਸਿਸਟਮ ਨੂੰ ਠੀਕ ਸਮੇਂ ਤੇ ਨਾ ਪੂਰਾ ਕਰਨ ਦੇ ਰੋਸ ਵਜੋਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ 'ਚ ਧਰਨਾ ਦੇ ਕੇ ਕਾਂਗਰਸ ਸਰਕਾਰ ਖਿਲਾਫ ਤਿੱਖੀ ਨਾਅਰੇਬਾਜੀ ਕੀਤੀ ਗਈ।|ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਸ਼ਹਿਰ ਦੀ ਮੁੱਖ ਸੜਕ ਆਈ.ਟੀ.ਆਈ ਤੋਂ ਗੁਰੂ ਨਾਨਕ ਕਾਲਜ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਸਿਸਟਮ ਪਾਉਣ ਕਾਰਨ ਬੁਰੀ ਤਰ੍ਹਾਂ ਟੁੱਟ-ਫੁੱਟ ਚੁੱਕਾ ਹੈ ਅਤੇ ਥੋੜਾ ਜਿਹਾ ਮੀਂਹ ਪੈਣ ਨਾਲ ਨਰਕ ਦਾ ਰੂਪ ਧਾਰਨ ਕਰ ਲੈਂਦੀ ਹੈ। ਜਿਸ ਕਾਰਨ ਸ਼ਹਿਰ 'ਚ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ਹਿਰ ਦਾ ਵਪਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਸੜਕ ਦੇ ਪੈਚ ਵਰਕ ਦੇ ਨਾਂ 'ਤੇ ਲੱਖਾਂ ਰੁਪਏ ਦਾ ਚੁੰਨਾ ਲਾਇਆ ਗਿਆ ਹੈ। ਜਿਸਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਉਪਰੋਕਤ ਸੜਕਾਂ ਦੀ ਤਰਸਯੋਗ ਹਾਲਤ ਦਾ ਨਰਕ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਲੋਕ ਭੁਗਤ ਰਹੇ ਹਨ ਪਰ ਸਰਕਾਰਾਂ ਵੱਲੋਂ ਸ਼ਹਿਰ ਨੂੰ ਕੈਲੋਫੋਰਨੀਆ ਬਨਾਉਣ ਦੇ ਸੁਪਨੇ ਦਿਖਾ ਕੇ ਵੋਟਾਂ ਲਈਆ ਜਾਂਦੀਆ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਵੋਟਾਂ ਤੋਂ ਬਾਅਦ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋ ਸ਼ਹਿਰ ਦੀ ਸਥਿਤੀ ਦੇ ਸੰਬੰਧ 'ਚ ਕਈ ਵਾਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਮਾਨਸਾ ਅਤੇ ਐੱਸ. ਡੀ. ਐੱਮ. ਬੁਢਲਾਡਾ ਤੋਂ ਕਾਫੀ ਅਧਿਕਾਰੀਆਂ ਨਾਲ ਪੱਤਰ ਵਿਹਾਰ ਕੀਤਾ ਗਿਆ ਹੈ ਪਰ ਫਿਰ ਵੀ ਸਰਕਾਰਾਂ ਦੇ ਕੰਨ੍ਹ ਤੇ ਜੂੰਅ ਸਰਕਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਹੀ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੇ ਸਮੇਂ ਅੰਦਰ ਤਿੱਖਾਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜ਼ਿਲਾ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ, ਸੁਭਾਸ਼ ਨਾਗਪਾਲ, ਜਗਵਿੰਦਰ ਸਿੰਘ ਧੰਨਪੁਰਾ, ਨੀਟੂ ਬੱਛੁਆਣਾ, ਸਤੀਸ਼ ਸਿੰਗਲਾ, ਭੋਲਾ ਸਿੰਘ ਬੁਢਲਾਡਾ, ਹਰਬੰਸ ਸ਼ਰਮਾ, ਅਵਤਾਰ ਸਿੰਘ ਬੁਢਲਾਡਾ, ਵਿਸ਼ਾਲ ਸੂਦ, ਬਲਵਿੰਦਰ ਔਲਖ, ਬਲਜਿੰਦਰ ਸਿੰਘ ਰੰਘੜਿਆਲ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਹਾਜ਼ਰ ਸਨ।


Related News