''ਆਪ'' ਤੋਂ ਬਾਅਦ ਬੈਂਸ ਭਰਾ ਵੀ ਦਸਤਾਰ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ

06/27/2017 1:01:18 PM

ਅੰਮ੍ਰਿਤਸਰ (ਪੁਰੀ) : ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਵਿਚ ਦਸਤਾਰ ਦੀ ਹੋਈ ਬੇਅਦਬੀ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵਿਚਾਰ ਅਧੀਨ ਲਿਆਉਣ ਤੋਂ ਬਾਅਦ ਹੁਣ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਬੈਂਸ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰ ਕੇ 2016 ਵਿਚ ਲੁਧਿਆਣਾ ਵਿਖੇ ਇਕ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਦਸਤਾਰ ਬੇਅਦਬੀ ਦਾ ਮਾਮਲਾ ਜਥੇਦਾਰ ਦੇ ਧਿਆਨ ਵਿਚ ਲਿਆਂਦਾ। ਜਥੇਦਾਰ ਨੇ ਬੈਂਸ ਭਰਾਵਾਂ ਦੀ ਗੱਲ ਬੜੇ ਗ਼ੌਰ ਨਾਲ ਸੁਣੀ ਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਸਿੰਘ ਸਾਹਿਬਾਨ ਦੀ ਆਗਾਮੀ ਮੀਟਿੰਗ ਵਿਚ ਇਹ ਮਾਮਲਾ ਪਹਿਲ ਦੇ ਆਧਾਰ 'ਤੇ ਵਿਚਾਰਿਆ ਜਾਵੇਗਾ।
ਸਿੰਘ ਸਾਹਿਬ ਨੂੰ ਮੰਗ-ਪੱਤਰ ਸੌਂਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ 22 ਜੂਨ ਨੂੰ ਪੰਜਾਬ ਵਿਧਾਨ ਸਭਾ ਵਿਚ ਸਪੀਕਰ ਕੇ. ਪੀ. ਰਾਣਾ ਨੇ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੇ ਸਿਆਸੀ ਵਿਰੋਧ ਨੂੰ ਦੁਸ਼ਮਣੀ ਦੀ ਹੱਦ ਤਕ ਲੈ ਜਾਂਦਿਆਂ ਪੁਲਸ ਅਤੇ ਨਿੱਜੀ ਬਾਊਂਸਰਾਂ ਰਾਹੀਂ ਸੰਬੰਧਿਤ ਪਾਰਟੀਆਂ ਦੇ ਵਿਧਾਇਕਾਂ ਨਾਲ ਧੱਕਾ ਮੁੱਕੀ ਕੀਤੀ ਗਈ, ਕੁੱਟਿਆ, ਘਸੀਟਿਆ ਅਤੇ ਦਸਤਾਰਾਂ ਦੀ ਬੇਅਦਬੀ ਕੀਤੀ ਗਈ। ਵਿਧਾਇਕ ਪਿਰਮਲ ਸਿੰਘ ਦੀ ਬਿਨਾਂ ਦਸਤਾਰ ਤੋਂ ਖਿਲਰੇ ਵਾਲਾਂ ਵਾਲੀ ਤਸਵੀਰ ਅਤੇ ਵੀਡੀਓ ਸਿੱਖ ਜਗਤ ਨੇ ਬੜੇ ਹੀ ਦੁਖੀ ਮਨ ਨਾਲ ਦੇਖੀ।  ਉਨ੍ਹਾਂ ਕਿਹਾ ਕਿ ਆਪਸੀ ਸਾਂਝ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਦੇ ਵਿਧਾਇਕਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਦਸਤਾਰ ਸਤਿਕਾਰ ਨਾਲ ਹਸਪਤਾਲ ਵਿਖੇ ਪਹੁੰਚਾਈ ਤੇ ਇਸ ਮਾਮਲੇ 'ਤੇ ਇਕਜੁਟਤਾ ਦਾ ਸਬੂਤ ਦਿੱਤਾ।


Related News