ਸੇਵਾ ਕੇਂਦਰ ''ਚ ਆਧਾਰ ਕਾਰਡ ਦੀ ਸਮੱਸਿਆ ਜਾਰੀ, ਅਰਜੀਆਂ ਸਵੀਕਾਰ ਨਾ ਕਰਨ ''ਤੇ ਲੋਕਾਂ ਨੇ ਕੀਤਾ ਹੰਗਾਮਾ

07/23/2017 5:17:39 PM

ਜਲੰਧਰ(ਅਮਿਤ)— ਆਧਾਰ ਕਾਰਡ ਦੀਆਂ ਨਵੀਆਂ ਅਰਜ਼ੀਆਂ ਜਾਂ ਪੁਰਾਣੇ ਵਿਚ ਕਿਸੇ ਸੋਧ ਨੂੰ ਲੈ ਕੇ ਜ਼ਿਲੇ ਦੇ ਸਮੂਹ ਸੇਵਾ ਕੇਂਦਰਾਂ ਅਤੇ ਖਾਸ ਤੌਰ 'ਤੇ ਡੀ. ਏ. ਸੀ. ਦੇ ਅੰਦਰ ਸਥਿਤ ਟਾਈਪ-1 ਸੇਵਾ ਕੇਂਦਰ ਵਿਚ ਪਿਛਲੇ ਕਈ ਦਿਨਾਂ ਤੋਂ ਸ਼ੁਰੂ ਹੋਈ ਸਮੱਸਿਆ ਹਾਲੇ ਵੀ ਜਾਰੀ ਹੈ। ਸ਼ਨੀਵਾਰ ਨੂੰ ਟਾਈਪ-1 ਸੇਵਾ ਕੇਂਦਰ ਵਿਚ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਏ ਲੋਕਾਂ ਨੇ ਸਵੇਰੇ 6 ਵਜੇ ਤੋਂ ਲਾਈਨ ਵਿਚ ਖੜ੍ਹੇ ਰਹਿਣ ਤੋਂ ਬਾਅਦ ਵੀ ਸ਼ਾਮ 5 ਵਜੇ ਤਕ ਉਨ੍ਹਾਂ ਦੀਆਂ ਅਰਜ਼ੀਆਂ ਸਵੀਕਾਰ ਨਾ ਕੀਤੇ ਜਾਣ ਨੂੰ ਲੈ ਕੇ ਖੂਬ ਹੰਗਾਮਾ ਕੀਤਾ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਸੇਵਾ ਕੇਂਦਰ ਵਿਚ ਜਾਰੀ 2 ਆਧਾਰ ਕਾਰਡ ਕਾਊਂਟਰਾਂ 'ਤੇ 60 ਟੋਕਨ ਜਾਰੀ ਕੀਤੇ ਗਏ ਅਤੇ ਸਵੇਰੇ 9.30 ਵਜੇ ਜਦੋਂ ਕੰਮ ਸ਼ੁਰੂ ਹੋਇਆ ਤਾਂ ਦੁਪਹਿਰ 2 ਵਜੇ ਤਕ ਦੋਵਾਂ ਕਾਊਂਟਰਾਂ 'ਤੇ 31 ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾ ਸਕੀਆਂ, ਜਿਸ ਤੋਂ ਬਾਅਦ ਕੰਮਕਾਜ ਪੂਰਨ ਤੌਰ 'ਤੇ ਬੰਦ ਹੋ ਗਿਆ ਅਤੇ ਲਾਈਨ ਵਿਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਸਹੀ ਜਾਣਕਾਰੀ ਨਾ ਮਿਲਣ ਕਾਰਨ ਉਨ੍ਹਾਂ ਦਾ ਗੁੱਸਾ ਵੱਧ ਗਿਆ ਅਤੇ ਜਨਤਾ ਨੇ ਸੇਵਾ ਕੇਂਦਰ ਵਿਚ ਜਮ ਕੇ ਹੰਗਾਮਾ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਰੇ ਸੇਵਾ ਕੇਂਦਰਾਂ ਵਿਚ ਆਧਾਰ ਕਾਰਡ ਸਬੰਧੀ ਸਾਰਾ ਕੰਮਕਾਜ ਪੂਰੀ ਤਰ੍ਹਾਂ ਨਾਲ ਰੁਕਿਆ ਰਿਹਾ ਹੈ, ਜਿਸ ਦਾ ਸਾਰਾ ਖਮਿਆਜ਼ਾ ਸਿਰਫ ਆਮ ਜਨਤਾ ਨੂੰ ਹੀ ਭੁਗਤਣਾ ਪੈ ਰਿਹਾ ਹੈ। ਦੂਰ-ਦੁਰਾਡੇ ਦੇ ਇਲਾਕੇ ਤੋਂ ਆਉਣ ਵਾਲੇ ਲੋਕਾਂ ਨੂੰ ਆਪਣੇ ਆਧਾਰ ਕਾਰਡ ਦੀ ਨਵੀਂ ਅਰਜ਼ੀ ਅਤੇ ਕੁਰੈਕਸ਼ਨ ਦੇ ਕੰਮਕਾਜ ਨੂੰ ਲੈ ਕੇ ਵਾਰ-ਵਾਰ ਚੱਕਰ ਕੱਟਣੇ ਪੈ ਰਹੇ ਹਨ ਪਰ ਉਨ੍ਹਾਂ ਦੀ ਕਿਸੇ ਵੀ ਸੇਵਾ ਕੇਂਦਰ ਵਿਚ ਸੁਣਵਾਈ ਨਹੀਂ ਹੋ ਰਹੀ। 
ਬਾਹਰ ਖੜ੍ਹੇ ਏਜੰਟਾਂ 'ਤੇ ਨਹੀਂ ਕੋਈ ਜ਼ੋਰ, ਅੰਦਰ ਨਹੀਂ ਹੁੰਦਾ ਕੋਈ ਗਲਤ ਕੰਮ: ਪ੍ਰਦੀਪ
ਟਾਈਪ-1 ਸੇਵਾ ਕੇਂਦਰ ਦੇ ਸੁਪਰਵਾਈਜ਼ਰ ਪ੍ਰਦੀਪ ਕੁਮਾਰ ਨਾਲ ਜਦੋਂ ਇਸ ਬਾਰੇ ਵਿਚ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਾਹਰ ਖੜ੍ਹੇ ਏਜੰਟ ਜੋ ਫਾਰਮ ਆਦਿ ਭਰਨ ਦਾ ਕੰਮ ਕਰਦੇ ਹਨ ਅਤੇ ਪੈਸੇ ਲੈ ਕੇ ਕੰਮ ਕਰਵਾਉਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਉਪਰ ਕੰਪਨੀ ਦੇ ਸਟਾਫ ਦਾ ਕੋਈ ਜ਼ੋਰ ਨਹੀਂ ਹੈ ਪਰ ਸੇਵਾ ਕੇਂਦਰ ਦੇ ਅੰਦਰ ਕੋਈ ਵੀ ਗਲਤ ਕੰਮ ਨਹੀਂ ਕੀਤਾ ਜਾਂਦਾ। ਜੇਕਰ ਕੋਈ ਸਟਾਫ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਉਸਦੇ ਖਿਲਾਫ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾਵੇਗੀ। ਪ੍ਰਦੀਪ ਨੇ ਕਿਹਾ ਕਿ ਜਿਥੋਂ ਤਕ ਸਟਾਫ ਦੇ ਬੁਰੇ ਵਤੀਰੇ ਦਾ ਸਵਾਲ ਹੈ, ਉਸ ਨੂੰ ਲੈ ਕੇ ਸਾਰੇ ਸਟਾਫ ਨੂੰ ਆਖਰੀ ਵਾਰਨਿੰਗ ਦੇ ਦਿੱਤੀ ਗਈ ਹੈ ਅਤੇ ਜੇਕਰ ਕੋਈ ਵੀ ਸਟਾਫ ਜਨਤਾ ਦੇ ਨਾਲ ਗਲਤ ਤਰੀਕੇ ਨਾਲ ਪੇਸ਼ ਆਉਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Related News