ਭਾਰਤੀ ਫੌਜ ਦਾ ਇਤਿਹਾਸ ਦਰਸਾਉਂਦੀ ਵਿਲੱਖਣ ਪ੍ਰਦਰਸ਼ਨੀ ਸ਼ੁਰੂ

11/19/2017 9:34:05 AM


ਚੰਡੀਗੜ੍ਹ (ਭੁੱਲਰ) - ਅੱਜ ਸਥਾਨਕ ਮਿਊਜ਼ੀਅਮ ਆਰਟ ਗੈਲਰੀ ਵਿਖੇ ਪ੍ਰਦਰਸ਼ਿਤ ਕੀਤੀਆਂ ਵਿਲੱਖਣ ਤਸਵੀਰਾਂ ਅਤੇ ਕਲਾਕ੍ਰਿਤੀਆਂ ਨਾਲ ਰਾਸ਼ਟਰ ਦੇ ਨਿਰਮਾਣ ਅਤੇ ਸੁਰੱਖਿਆ ਵਿਚ ਭਾਰਤੀ ਫੌਜ ਅਤੇ ਉਸ ਦੇ ਯੋਗਦਾਨ ਦਾ ਸ਼ਾਨਦਾਰ ਸਫ਼ਰ ਪ੍ਰਤੱਖ ਰੂਪ ਵਿਚ ਵੇਖਣ ਨੂੰ ਮਿਲਿਆ। ਮਿਲਟਰੀ ਲਿਟਰੇਚਰ ਫੈਸਟੀਵਲ 7 ਦਸੰਬਰ ਤੋਂ 9 ਦਸੰਬਰ ਨੂੰ ਹੋ ਰਿਹਾ ਹੈ, ਜਿਸ ਦੀ ਸ਼ੁਰੂਆਤ ਵਜੋਂ ਦੋ ਰੋਜ਼ਾ ਫੌਜੀ ਕਲਾ ਤੇ ਚਿੱਤਰ ਪ੍ਰਦਰਸ਼ਨੀ ਲਾਈ ਗਈ ਹੈ, ਜਿੱਥੇ ਭਾਰਤੀ ਫੌਜ ਦੀਆਂ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਵੱਡੀਆਂ ਕਾਰਵਾਈਆਂ ਨੂੰ ਮੂਰਤੀਮਾਨ ਕੀਤਾ ਗਿਆ ਹੈ।
ਅੱਜ ਸ਼ੁਰੂ ਹੋਈ ਇਸ ਦੋ ਦਿਨਾ ਪ੍ਰਦਰਸ਼ਨੀ ਵਿਚ ਫੌਜ ਨਾਲ ਸਬੰਧਤ ਤਸਵੀਰਾਂ, ਕਲਾਕ੍ਰਿਤੀਆਂ, ਮੈਡਲ, ਸਿੱਖ ਰਾਜ ਦੇ ਸਮੇਂ ਦਾ ਫੌਜ ਨਾਲ ਸਬੰਧਤ ਗੋਲੀ-ਸਿੱਕਾ, ਅਫਸਰਾਂ ਦੀਆਂ ਨਿੱਜੀ ਚੀਜ਼ਾਂ ਅਤੇ 1971 ਦੀ ਫੌਜੀ ਕਾਰਵਾਈ ਦੌਰਾਨ ਪਾਕਿਸਤਾਨੀ ਫੌਜ ਤੋਂ ਕਬਜ਼ੇ ਵਿਚ ਲਏ ਝੰਡਿਆਂ ਸਮੇਤ ਲਗਭਗ 200 ਵਸਤਾਂ ਇਸ ਪ੍ਰਦਰਸ਼ਨੀ ਦਾ ਹਿੱਸਾ ਹਨ। ਇਸ ਵਿਚ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਪੀ. ਵੀ. ਸੀ. (ਮਰਨ ਉਪਰੰਤ) ਦੇ ਬੁੱਤ ਦੀ ਨੁਮਾਇਸ਼ ਦੇ ਨਾਲ-ਨਾਲ ਵਿਸ਼ਵ ਯੁੱਧਾਂ ਦੀਆਂ ਜਾਪਾਨੀ ਤਲਵਾਰਾਂ ਸਮੇਤ ਹੋਰ ਵੀ ਵਿਲੱਖਣ ਵਸਤਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸੇ ਤਰ੍ਹਾਂ ਮੇਜਰ ਜਨਰਲ ਜੀ. ਨਾਗਰਾ ਜੋ 1971 ਦੀ ਕਾਰਵਾਈ ਦੌਰਾਨ ਜੀ. ਓ. ਸੀ. 101 ਸਨ, ਦੀਆਂ ਨਿੱਜੀ ਤਸਵੀਰਾਂ ਵੀ ਇਸ ਪ੍ਰਦਰਸ਼ਨੀ ਦਾ ਹਿੱਸਾ ਬਣੀਆਂ ਹੋਈਆਂ ਹਨ।
1971 ਦੀ ਜੰਗ ਦੌਰਾਨ ਪਾਕਿਸਤਾਨ ਦੀ ਫੌਜ ਵੱਲੋਂ ਆਤਮਸਮਰਪਣ ਕਰਨ ਤੋਂ ਬਾਅਦ ਲੈਫਟੀਨੈਂਟ ਜਨਰਲ ਨਿਆਜ਼ੀ ਵੱਲੋਂ ਵਿਸਟਰ ਬੁੱਕ 'ਤੇ ਦਸਤਖਤ ਕਰਨ ਅਤੇ ਪੂਰਬੀ ਪਾਕਿਸਤਾਨੀ ਫੌਜ ਦਾ ਝੰਡਾ ਕਬਜ਼ੇ ਵਿਚ ਲੈਣ ਦੇ ਪਲਾਂ ਦੀਆਂ ਤਸਵੀਰਾਂ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਪ੍ਰਬਲ ਕਰ ਦਿੰਦੀਆਂ ਹਨ। 


Related News