ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰ ਕੁਚਲਿਆ

01/17/2018 7:03:01 AM

ਤਰਨਤਾਰਨ,  (ਰਮਨ, ਰਾਜੂ)-  ਪਿੰਡ ਕੈਰੋਂਵਾਲ ਨਜ਼ਦੀਕ ਤੇਜ਼ ਰਫਤਾਰ ਕਾਰ ਨੇ ਇਕ ਮੋਟਰਸਾਈਕਲ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਲੜਕਾ ਗੰਭੀਰ ਜ਼ਖਮੀ ਹੋ ਗਿਆ। ਉਕਤ ਬੇਕਾਬੂ ਕਾਰ ਨੇ ਰਾਹ ਜਾਂਦੇ ਹੋਰ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਗੁੱਸੇ 'ਚ ਆਏ ਲੋਕਾਂ ਨੇ ਪੁਲਸ ਦੇ ਖਿਲਾਫ ਬੋਹੜੀ ਚੌਕ 'ਚ ਧਰਨਾ ਲਾ ਦਿੱਤਾ।
  ਜਾਣਕਾਰੀ ਅਨੁਸਾਰ ਕੈਰੋਂਵਾਲ ਨਿਵਾਸੀ ਦਿਲਬਾਗ ਸਿੰਘ ਆਪਣੇ ਲੜਕੇ ਭੁਪਿੰਦਰ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਰਨਤਾਰਨ ਆ ਰਿਹਾ ਸੀ ਕਿ ਪਿੰਡ ਠਰੂ ਨਿਵਾਸੀ ਮਾਸਟਰ ਬਲਜਿੰਦਰ ਸਿੰਘ ਆਪਣੇ ਸਾਥੀ ਨੰਬਰਦਾਰ ਹੀਰਾ ਸਿੰਘ ਨਾਲ ਕਾਰ 'ਤੇ ਸਵਾਰ ਹੋ ਕੇ ਤਰਨਤਾਰਨ ਆ ਰਹੇ ਸਨ। ਪਿੰਡ ਕੈਰੋਂਵਾਲ ਦੇ ਮੋੜ 'ਤੇ ਮਾਸਟਰ ਬਲਜਿੰਦਰ ਸਿੰਘ ਨੇ ਕਥਿਤ ਤੌਰ 'ਤੇ ਸ਼ਰਾਬੀ ਹਾਲਤ 'ਚ ਕਾਰ ਮੋਟਰਸਾਈਕਲ 'ਚ ਮਾਰ ਦਿੱਤੀ । ਹਾਦਸਾ ਇੰਨਾ ਭਿਆਨਕ ਸੀ ਕਿ ਇਕ ਕਿਲੋਮੀਟਰ ਤੱਕ ਮੋਟਰਸਾਈਕਲ ਸਵਾਰ ਭਪਿੰਦਰ ਸਿੰਘ ਨੂੰ ਕਾਰ ਦੂਰ ਤੱਕ ਘੜੀਸਦੀ ਹੋਈ ਲੈ ਗਈ ਅਤੇ ਕਾਰ ਦੀ ਬੋਨਟ 'ਤੇ ਹੀ ਉਸ ਦੀ ਮੌਤ ਹੋ ਗਈ । ਇਸ ਦੌਰਾਨ ਰਾਹ ਜਾਂਦੇ ਇਕ ਹੋਰ ਮੋਟਰਸਾਈਕਲ ਸਵਾਰ ਬਲਵਿੰਦਰ ਸਿੰਘ ਰੰਧਾਵਾ ਨਾਮਕ ਵਿਅਕਤੀ ਨੂੰ ਵੀ ਕਾਰ ਨੇ ਲਪੇਟ 'ਚ ਲੈ ਲਿਆ। ਮ੍ਰਿਤਕ ਦਿਲਬਾਗ ਸਿੰਘ ਦੇ ਲੜਕੇ ਭੁਪਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਰੰਧਾਵਾ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ। 
ਸਥਾਨਕ ਲੋਕਾਂ ਨੇ ਜਦੋਂ ਕਾਰ ਸਵਾਰਾਂ ਨੂੰ ਕਾਬੂ ਕਰਨਾ ਚਾਹਿਆ ਤਾਂ ਉਨ੍ਹਾਂ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮ੍ਰਿਤਕ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਬੋਹੜੀ ਚੌਕ ਤਰਨਤਾਰਨ ਵਿਖੇ ਦੇਰ ਰਾਤ ਧਰਨਾ ਲਾ ਕੇ ਜਾਮ ਲਾ ਦਿੱਤਾ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਗਈ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਐੱਸ. ਪੀ. ਤਿਲਕ ਰਾਜ ਨੇ ਦੱਸਿਆ ਕਿ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News