ਸ਼ਾਰਟ-ਸਰਕਟ ਕਾਰਨ ਲਵ-ਕੁਸ਼ ਡੇਅਰੀ ਤੇ ਸਵੀਟਸ ਹਾਊਸ ਦੀ ਦੁਕਾਨ ''ਚ ਲੱਗੀ ਅੱਗ

08/17/2017 10:09:53 AM


ਜਲਾਲਾਬਾਦ(ਟੀਨੂੰ, ਦੀਪਕ, ਬਜਾਜ, ਸੇਤੀਆ, ਬੰਟੀ, ਬਜਾਜ)—ਸਥਾਨਕ ਸ਼ਾਮੇ ਸੋਡੇ ਵਾਲਾ ਚੌਕ ਦੇ ਨਜ਼ਦੀਕ ਸਥਿਤ ਲਵ-ਕੁਸ਼ ਡੇਅਰੀ ਅਤੇ ਸਵੀਟਸ ਹਾਊਸ 'ਚ ਬੀਤੀ ਰਾਤ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਪਰ ਦੁਕਾਨ ਦੇ ਗਰਾਊਂਡ ਫਲੋਰ 'ਤੇ ਪਿਆ ਸਾਮਾਨ ਤਕਰੀਬਨ ਸੜ ਕੇ ਸੁਆਹ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਵ-ਕੁਸ਼ ਡੇਅਰੀ ਅਤੇ ਸਵੀਟਸ ਹਾਊਸ ਦੇ ਮਾਲਕ ਲਵ ਪਰੂਥੀ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਦੇਰ ਰਾਤ ਨੂੰ ਆਪਣੀ ਦੁਕਾਨ ਬੰਦ ਕਰ ਕੇ ਘਰ ਗਏ ਸਨ। ਰਾਤ ਦੇ ਕਰੀਬ ਡੇਢ ਵਜੇ ਚੌਕੀਦਾਰ ਦਾ ਸਾਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਲਵ ਪਰੂਥੀ ਨੇ ਦੱਸਿਆ ਕਿ ਜਦੋਂ ਅਸੀਂ ਆਪਣੇ ਘਰ ਤੋਂ ਦੁਕਾਨ 'ਤੇ ਆਏ ਅਤੇ ਦੁਕਾਨ ਦਾ ਸ਼ਟਰ ਖੋਲਣ ਲੱਗੇ ਤਾਂ ਸ਼ਟਰ ਗਰਮ ਹੋਣ ਕਰਕੇ ਹੱਥ ਨਹੀਂ ਲਗਾ ਸਕੇ, ਜਿਸ ਤੋਂ ਬਾਅਦ ਅਸੀਂ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ। 
ਕੁਝ ਸਮਾਂ ਬਾਅਦ ਹੀ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪੁੱਜ ਕੇ ਕਰਮਚਾਰੀਆਂ ਨੇ ਅੱਗ ਬਝਾਉਣੀ ਸ਼ੁਰੂ ਕੀਤੀ ਅਤੇ ਕਾਫੀ ਜਦੋਂ-ਜਹਿਦ ਕਰਨ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਲਵ ਪਰੂਥੀ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਦੁਕਾਨ ਦੇ ਬਾਹਰ ਲੱਗੇ ਬਿਜਲੀ ਦੇ ਮੀਟਰ 'ਚੋਂ ਤਾਰ ਦਾ ਸ਼ਾਰਟ-ਸਰਕਟ ਹੋਣਾ ਹੈ। ਉਨ੍ਹਾਂ ਦੀ ਦੁਕਾਨ ਵਿਚ ਅੱਗ ਲੱਗ ਜਾਣ ਕਰਕੇ ਦੁਕਾਨ ਦੀ ਗਰਾਊਂਡ ਫਲੋਰ 'ਤੇ ਪਿਆ ਕਾਊਂਟਰ, ਮਿਠਾਈਆਂ ਰੱਖਣ ਵਾਲੀਆਂ ਫਰਿੱਜਾਂ, ਕੋਲਡ ਡ੍ਰਿੰਕਸ ਰੱਖਣ ਵਾਲੀਆਂ ਫਰਿੱਜਾਂ, ਆਈਸ-ਕ੍ਰੀਮ ਰੱਖਣ ਵਾਲੀਆਂ ਫਰਿੱਜਾਂ ਤੋਂ ਇਲਾਵਾ ਦੁਕਾਨ 'ਚ ਲੱਗਿਆ ਏ. ਸੀ, ਕੰਡਾ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਕਰਕੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। 
 


Related News