ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਰੋਸ ਪ੍ਰਦਰਸ਼ਨ

08/18/2017 7:04:19 AM

ਕਪੂਰਥਲਾ, (ਮੱਲ੍ਹੀ)- ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੰਗ ਕਰਦਿਆਂ ਅੱਜ ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਦੀ ਅਗਵਾਈ ਹੇਠ ਦਰਜਨਾਂ ਹੀ ਕੇਂਦਰੀ ਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਆਗੂ, ਵਰਕਰ ਤੇ ਮੁਲਾਜ਼ਮਾਂ ਨੇ ਅੱਜ ਆਰ. ਸੀ. ਐੱਫ. ਦੇ ਡਾ. ਬੀ. ਆਰ. ਅੰਬੇਡਕਰ ਚੌਕ ਤੋਂ ਸ਼ੁਰੂ ਹੋ ਕੇ ਪੁਰਾਣੀ ਕਚਹਿਰੀ ਵਿਖੇ ਸਥਿਤ ਵਧੀਕ ਡੀ. ਸੀ. ਕਪੂਰਥਲਾ (ਜਨਰਲ) ਦਫਤਰ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਪਿੱਛੋਂ ਵਧੀਕ ਡੀ. ਸੀ. ਕਪੂਰਥਲਾ ਜਨਰਲ ਰਾਹੁਲ ਚਾਬਾ ਨੂੰ ਮੰਗ ਪੱਤਰ ਸੌਂਪਿਆ। ਵੱਡੀ ਗਿਣਤੀ 'ਚ ਪਹੁੰਚੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੀ ਅਗਵਾਈ ਕਰਦਿਆਂ ਯੂਨੀਅਨ ਆਗੂ ਅਮਰੀਕ ਸਿੰਘ, ਪਰਮਜੀਤ ਸਿੰਘ ਖਾਲਸਾ, ਸਰਵਜੀਤ ਸਿੰਘ, ਇੰਜ. ਦਰਸ਼ਨ ਲਾਲ, ਹਰਵਿੰਦਰਪਾਲ ਸਿੰਘ, ਜਸਪਾਲ ਸਿੰਘ ਸੇਖੋਂ ਆਦਿ ਨੇ ਏ. ਡੀ. ਸੀ. ਨੂੰ ਮੰਗ ਪੱਤਰ 'ਚ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਜੋ 60-65 ਸਾਲ ਪਹਿਲਾਂ ਸ਼ੁਰੂ ਹੋਈ ਸੀ, ਨੂੰ ਖਤਮ ਕਰਕੇ ਨਵੀਂ ਪੈਨਸ਼ਨ ਸਕੀਮ ਸ਼ੁਰੂ ਕਰਕੇ ਕੇਂਦਰ ਤੇ ਸੂਬਾ ਸਰਕਾਰਾਂ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਤੇ ਧੋਖਾ ਕਰ ਰਹੀਆਂ, ਜਿਸ ਨੂੰ ਹਰਗਿਜ਼ ਸਹਿਣ ਨਹੀਂ ਕੀਤਾ ਜਾਵੇਗਾ ਤੇ ਪੁਰਾਣੀ ਪੈਨਸ਼ਨ ਸਕੀਮ ਮੁੜ ਚਾਲੂ ਕਰਾਉਣ ਤਕ ਸੰਘਰਸ਼ ਲੜਿਆ ਜਾਵੇਗਾ। 
ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ 'ਚ ਮੁਲਾਜ਼ਮਾਂ ਨੂੰ ਜੋ ਲਾਭ ਮਿਲਦੇ ਹਨ, ਨੂੰ ਤਾਨਾਸ਼ਾਹੀ ਰਵੱਈਏ ਤਹਿਤ ਸਮੇਂ ਦੀਆਂ ਸਰਕਾਰਾਂ ਨੇ ਖਤਮ ਕਰ ਦਿੱਤਾ ਹੈ, ਜਿਸ ਕਾਰਨ  ਨਵੇਂ ਭਰਤੀ ਹੋਏ ਤੇ ਭਰਤੀ ਹੋ ਰਹੇ ਮੁਲਾਜ਼ਮਾਂ ਦੇ ਮਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਨਵੀਂ ਪੈਨਸ਼ਨ ਸਕੀਮ 'ਚ ਜੀ. ਪੀ. ਫੰਡ ਦੀ ਸੁਵਿਧਾ ਤੇ ਡੀ. ਏ. ਦਾ ਲਾਭ ਨਹੀਂ ਦਿੱਤਾ ਜਾ ਰਿਹਾ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਪਾਸੋਂ ਮੰਗ ਪੱਤਰ ਸਵੀਕਾਰ ਕਰਦਿਆਂ ਏ. ਡੀ. ਸੀ. ਜਨਰਲ ਰਾਹੁਲ ਚਾਬਾ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਤਕ ਤੁਰੰਤ ਪਹੁੰਚਦਾ ਕਰ ਦਿੱਤਾ ਜਾਵੇਗਾ।


Related News