ਤੱਖਣੀ ਵਾਸੀਆਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

10/18/2017 3:42:35 AM

ਹਰਿਆਣਾ, (ਰਾਜਪੂਤ)- ਅੱਪਰ ਤੱਖਣੀ ਦੇ ਲੋਕਾਂ ਨੂੰ 35 ਸਾਲਾਂ ਬਾਅਦ ਵੀ ਪੀਣ ਵਾਲਾ ਪਾਣੀ ਪੂਰੀ ਮਿਕਦਾਰ 'ਚ ਨਾ ਮਿਲਣ ਕਾਰਨ ਉਨ੍ਹਾਂ ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸੀਮਾ ਰਾਣੀ ਦੀ ਅਗਵਾਈ 'ਚ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ਼ ਖਾਲੀ ਬਾਲਟੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ। 
ਧੀਮਾਨ ਨੇ ਦੱਸਿਆ ਕਿ 2014 ਵਿਚ ਤੱਖਣੀ, ਚੌਕੀ ਪਟਿਆੜੀ ਦੇ ਲੋਕਾਂ ਨੂੰ 114 ਲੱਖ ਰੁਪਏ ਖਰਚ ਕੇ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਸੀ। ਵਾਟਰ ਸਪਲਾਈ ਸਕੀਮ ਵਿਚ ਹੇਠਲੇ ਤੱਖਣੀ ਤੋਂ ਲੈ ਕੇ ਅੱਪਰ ਤੱਖਣੀ ਤੱਕ ਪੀ. ਵੀ. ਸੀ. ਦੀ ਪਾਈਪ ਲਾਈਨ ਪਾਈ ਗਈ, ਜੋ ਭ੍ਰਿਸ਼ਟਾਚਾਰ ਕਾਰਨ ਵਿਚਾਲੇ ਛੱਡ ਦਿੱਤੀ ਗਈ ਅਤੇ ਬਾਕੀ ਦੇ ਹਿੱਸੇ ਵਿਚ ਜੀ. ਆਈ. ਪਾਈਪ ਲਾਈਨ ਦੀ ਵਰਤੋਂ ਕੀਤੀ ਗਈ। ਜਿਥੇ ਜੀ. ਆਈ. ਪਾਈਪ ਲਾਈਨ ਪਾਈ ਗਈ ਉਥੇ ਤਾਂ ਪਾਣੀ ਦੀ ਸਪਲਾਈ ਠੀਕ ਹੈ ਪਰ ਜਿਥੇ ਪੀ. ਵੀ. ਸੀ. ਪਾਈਪ ਲਾਈਨ ਪਾਈ ਗਈ, ਉਥੇ ਅਜੇ ਵੀ ਪੀਣ ਵਾਲਾ ਪਾਣੀ ਲੋਕਾਂ ਦੇ ਘਰਾਂ ਵਿਚ ਨਹੀਂ ਪਹੁੰਚਿਆ। ਅੱਪਰ ਤੱਖਣੀ ਦੇ ਲਗਭਗ 45 ਘਰ ਅੱਜ ਤਕ ਇਸ ਸੰਤਾਪ ਨੂੰ ਭੋਗ ਰਹੇ ਹਨ। 
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਾਈਪ ਲਾਈਨ ਪਾਉਣ ਲਈ ਖਰਚੇ ਗਏ 114 ਲੱਖ ਰੁਪਏ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾ ਕੇ ਭ੍ਰਿਸ਼ਟਾਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਅੱਪਰ ਤੱਖਣੀ ਦੇ ਲੋਕਾਂ ਲਈ ਜਲਦੀ ਤੋਂ ਜਲਦੀ ਨਵਾਂ ਡੂੰਘਾ ਟਿਊਬਵੈੱਲ ਲਵਾ ਕੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਵਾਸਤੇ ਮੁਫ਼ਤ ਵਿਚ ਜ਼ਮੀਨ ਦੇਣ ਲਈ ਵੀ ਤਿਆਰ ਹਨ। ਇਸ ਮੌਕੇ ਅੰਜੂ, ਸੁਰਜੀਤ ਮਿਨਹਾਸ, ਰੀਟਾ, ਮਨਜਿੰਦਰ ਕੁਮਾਰ, ਸ਼ਸ਼ੀ, ਜੋਤੀ, ਸੁਦਰਸ਼ਨਾ, ਵਿਜੇ ਆਦਿ ਵੀ ਹਾਜ਼ਰ ਸਨ।


Related News