ਅੱਗ ਲੱਗਣ ਨਾਲ ਕੱਪੜੇ ਦੀਆਂ 2 ਦੁਕਾਨਾਂ ਸੜ ਕੇ ਸੁਆਹ

06/25/2017 7:39:14 AM

ਭੁਲੱਥ, (ਰਜਿੰਦਰ, ਭੂਪੇਸ਼)- ਬੀਤੀ ਰਾਤ ਕਸਬਾ ਭੁਲੱਥ ਦੇ ਥਾਣੇ ਵਾਲੇ ਚੌਕ ਨੇੜੇ ਕੱਪੜੇ ਦੀਆਂ ਦੋ ਦੁਕਾਨਾਂ ਨੂੰ ਅਚਨਚੇਤ ਅੱਗ ਲੱਗ ਗਈ, ਜਿਸ ਕਾਰਨ ਦੋ ਦੁਕਾਨਾਂ ਵਿਚਲੀ ਫਿਟਿੰਗ ਤੇ ਕੱਪੜੇ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਅੱਗ ਨਾਲ ਦੋਵੇਂ ਦੁਕਾਨਦਾਰਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਕਸਬਾ ਭੁਲੱਥ ਦੇ ਥਾਣੇ ਵਾਲੇ ਚੌਕ ਨੇੜੇ ਖੰਨਾ ਕਲਾਥ ਹਾਊਸ ਤੇ ਖੰਨਾ ਰੈਡੀਮੇਡ ਗਾਰਮੈਂਟ ਦੀਆਂ ਦੋ ਦੁਕਾਨਾਂ ਨੂੰ ਅੱਗ ਲੱਗ ਗਈ। ਜਿਸ ਕਾਰਨ ਦੋ ਮੰਜ਼ਿਲਾ ਇਮਾਰਤ 'ਚ ਬਣੀਆਂ ਇਨ੍ਹਾਂ ਦੋਵੇਂ ਦੁਕਾਨਾਂ 'ਚ ਪਿਆ ਕੱਪੜਾ, ਦੁਕਾਨ ਦੀ ਫਿਟਿੰਗ ਤੇ ਦੁਕਾਨ ਨਾਲ ਸੰਬੰਧਤ ਹਰੇਕ ਸਾਮਾਨ ਸੜ ਕੇ ਸੁਆਹ ਹੋ ਗਿਆ। ਰਾਤ ਕਰੀਬ 1 ਤੋਂ ਡੇਢ ਦੇ ਦਰਮਿਆਨ ਲੱਗੀ ਇਹ ਅੱਗ ਕੁਝ ਹੀ ਸਮੇਂ 'ਚ ਇੰਨਾ ਭਿਆਨਕ ਰੂਪ ਧਾਰਨ ਕਰ ਗਈ ਕਿ ਅੱਗ ਨਾਲ ਦੋਵੇਂ ਦੁਕਾਨਾਂ ਦੇ ਲੋਹੇ ਦੇ ਸ਼ਟਰ ਵੀ ਨੁਕਸਾਨੇ ਗਏ ਤੇ ਇਥੋਂ ਲੰਘ ਰਹੀਆਂ ਬਿਜਲੀਆਂ ਦੀਆਂ ਮੋਟੀਆਂ ਕੇਬਲ ਲਾਈਨਾਂ ਵੀ ਸੜ ਗਈਆਂ। 
ਦੂਜੇ ਪਾਸੇ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਕਪੂਰਥਲਾ ਤੇ ਕਰਤਾਰਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੰਗਵਾਈਆਂ ਪਰ ਅੱਗ ਜ਼ਿਆਦਾ ਤੇਜ਼ ਹੋਣ ਕਾਰਨ ਦੋ ਗੱਡੀਆਂ ਹੋਰ ਮੰਗਵਾਉਣੀਆਂ ਪਈਆਂ ਤੇ ਚਾਰ ਗੱਡੀਆਂ ਵਲੋਂ ਪਾਣੀ ਦੀਆਂ ਬੁਛਾੜਾਂ ਪਾਏ ਜਾਣ ਤੋਂ ਬਾਅਦ ਵੀ ਦੁਪਹਿਰ ਤੱਕ ਦੁਕਾਨਾਂ ਅੰਦਰ ਅੱਗ ਭਖ ਰਹੀ ਸੀ ਅਤੇ ਅੱਗ ਨਾਲ ਦੁਕਾਨਾਂ ਦੀ ਇਮਾਰਤ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ ਤੇ ਕੰਧਾਂ 'ਚ ਤਰੇੜਾਂ ਤੋਂ ਇਲਾਵਾ ਲੈਂਟਰ ਵੀ ਨੁਕਸਾਨਿਆ ਜਾ ਚੁੱਕਾ ਹੈ।  ਦੱਸਣਯੋਗ ਹੈ ਕਿ ਅੱਗ ਨਾਲ ਨੁਕਸਾਨੀਆਂ ਦੋਵੇਂ ਦੁਕਾਨਾਂ 'ਚੋਂ ਖੰਨਾ ਕਲਾਥ ਹਾਊਸ ਵਾਲੀ ਦੁਕਾਨ ਨੂੰ ਕੇਵਲ ਕ੍ਰਿਸ਼ਨ ਪੁੱਤਰ ਪਿਆਰਾ ਲਾਲ ਤੇ ਲਲਿਤ ਕੁਮਾਰ ਵਾਸੀ ਭੁਲੱਥ ਚਲਾਉਂਦੇ ਸਨ, ਜਦਕਿ ਖੰਨਾ ਰੈਡੀਮੇਡ ਗਾਰਮੈਂਟ ਵਾਲੀ ਦੁਕਾਨ ਪੂਰਬ ਖੰਨਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਭੁਲੱਥ ਦੀ ਸੀ। 


Related News