ਏ. ਟੀ. ਐੱਮ. ਲੁਟੇਰਾ ਗਿਰੋਹ ਦਾ ਇਕ ਮੈਂਬਰ ਗ੍ਰਿਫਤਾਰ

Friday, October 13, 2017 6:03 AM
ਏ. ਟੀ. ਐੱਮ. ਲੁਟੇਰਾ ਗਿਰੋਹ ਦਾ ਇਕ ਮੈਂਬਰ ਗ੍ਰਿਫਤਾਰ

ਮੱਲ੍ਹੀਆਂ ਕਲਾਂ, (ਟੁੱਟ)- ਸਥਾਨਕ ਕਸਬਾ ਮੱਲ੍ਹੀਆਂ ਕਲਾਂ ਦੀ ਇੰਡੀਅਨ ਬੈਂਕ ਦਾ ਏ. ਟੀ. ਐੱਮ. ਡੇਢ ਕੁ ਮਹੀਨਾ ਪਹਿਲਾਂ ਤੋੜ ਕੇ ਲੁਟੇਰਿਆਂ ਵਲੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਹੀ ਸੀ, ਜੋ ਨਕਾਮ ਰਹੀ ਸੀ ਪਰ ਜਾਂਦੇ-ਜਾਂਦੇ ਉਹ ਇਕ ਏ. ਸੀ. ਚੋਰੀ ਕਰ ਕੇ ਲੈ ਗਏ ਸਨ। ਬੈਂਕ ਮੈਨੇਜਰ ਨੇ ਪੁਲਸ ਨੂੰ ਇਸ ਸੰਬੰਧੀ ਸ਼ਿਕਾਇਤ ਕੀਤੀ ਸੀ। ਨਕੋਦਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਨਕੋਦਰ ਅਧੀਨ ਪੈਂਦੀ ਪੁਲਸ ਚੌਕੀ ਪਿੰਡ ਉੱਗੀ ਦੇ ਇੰਚਾਰਜ ਏ. ਐੱਸ. ਆਈ. ਨੌਨਿਹਾਲ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਉੁਂਕਾਰ ਸਿੰਘ ਉਰਫ ਸਾਬੀ, ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਈਦਾ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਵਲੋਂ ਸਖਤੀ ਨਾਲ ਪੁੱਛਗਿਛ ਕਰਨ 'ਤੇ ਉਸ ਨੇ ਮੰਨਿਆ ਕਿ ਇੰਡੀਅਨ ਬੈਂਕ 'ਚ ਵਾਰਦਾਤ ਉਸ ਨੇ ਹੀ ਕੀਤੀ ਹੈ। ਪੁਲਸ ਨੇ ਏ. ਸੀ. ਬਰਾਮਦ ਕਰ ਲਿਆ ਹੈ। ਦੂਸਰਾ ਸਾਥੀ ਸੰਦੀਪ ਉਰਫ ਸ਼ਿਵਜੀ ਪੁੱਤਰ ਲਹਿੰਬਰ ਸਿੰਘ ਵਾਸੀ ਪਿੰਡ ਬੱਲ ਦੇ ਘਰੋਂ ਇਕ ਗੈਸ ਕਟਰ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ ਪਰ ਸੰਦੀਪ ਫਰਾਰ ਹੈ। 
ਇਸ ਸੰੰਬੰਧੀ ਡੀ. ਐੱਸ. ਪੀ. ਨਕੋਦਰ ਡਾ. ਮੁਕੇਸ਼ ਕੁਮਾਰ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਸ ਬੜੀ ਤੇਜ਼ੀ ਨਾਲ ਦੂਸਰੇ ਸਾਥੀ ਦੀ ਭਾਲ ਕਰ ਰਹੀ ਹੈ। ਜਲਦੀ ਹੀ ਦੂਸਰੇ ਸਾਥੀ ਨੂੰ ਵੀ ਪੁਲਸ ਗ੍ਰਿਫਤਾਰ ਕਰ ਲਵੇਗੀ। ਓਂਕਾਰ ਸਿੰਘ ਉਰਫ ਸਾਬੀ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਹੈ। ਪੁਲਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।