ਕਬਾੜ ਦੀ ਦੁਕਾਨ ਲੱਗਦੇ ਹਨ ਥਾਣਿਆਂ ਦੇ ''ਓਪਨ ਮਾਲਖਾਨੇ''

07/17/2017 1:12:44 PM

ਜਲੰਧਰ(ਪ੍ਰੀਤ)— ਫਰਵਰੀ 2010 'ਚ ਜਲੰਧਰ 'ਚ ਕਮਿਸ਼ਨਰੇਟ ਸਿਸਟਮ ਲਾਗੂ ਹੁੰਦੇ ਹੀ ਪੰਜਾਬ ਸਰਕਾਰ ਵਲੋਂ ਸਾਰੇ ਥਾਣਿਆਂ ਨੂੰ ਮਾਡਲ ਥਾਣਿਆਂ ਦਾ ਰੂਪ ਦਿੱਤਾ ਗਿਆ, ਜਿਸ 'ਚ ਪੁਲਸ ਅਧਿਕਾਰੀ ਤੋਂ ਲੈ ਕੇ ਸੰਤਰੀ ਤੱਕ ਅਤੇ ਪਬਲਿਕ ਲਈ ਲਗਭਗ ਹਰੇਕ ਸਹੂਲਤ ਦਾ ਇੰਤਜ਼ਾਮ ਕੀਤਾ ਗਿਆ। ਇਕ ਹੀ ਟੀਚਾ ਸੀ ਕਿ ਕਮਿਸ਼ਨਰੇਟ ਪ੍ਰਣਾਲੀ 'ਚ ਪੁਲਸਿੰਗ ਨਜ਼ਰ ਆਏ ਅਤੇ ਅਜਿਹਾ ਹੋਇਆ ਵੀ। ਪੁਲਸ ਕਰਮਚਾਰੀਆਂ ਨੂੰ ਥਾਣਿਆਂ 'ਚ ਬੈਠਣ, ਕੰਮ ਕਰਨ, ਆਰਾਮ ਕਰਨ ਲਈ ਅਤੇ ਜਨਤਾ ਨੂੰ ਸਹੂਲਤਾਂ ਮਿਲੀਆਂ ਪਰ ਪੁਲਸ ਸਮੇਤ ਪਬਲਿਕ ਨੂੰ ਸਹੂਲਤਾਂ ਦਿੰਦੇ ਪੁਲਸ ਪ੍ਰਸ਼ਾਸਨ ਨੇ ਥਾਣਿਆਂ 'ਚ ਲੋਕਾਂ ਦੀ ਲੱਖਾਂ ਦੀ ਜਾਇਦਾਦ ਦੀ ਸੰਭਾਲ ਲਈ ਕੁਝ ਖਾਸ ਇੰਤਜ਼ਾਮ ਨਹੀਂ ਕੀਤੇ। ਹਾਲਾਤ ਇਹ ਹਨ ਕਿ ਕਮਿਸ਼ਨਰੇਟ ਦੇ ਲਗਭਗ ਹਰੇਕ ਥਾਣੇ 'ਚ ਲੋਕਾਂ ਦੀ ਲੱਖਾਂ ਦੀ ਜਾਇਦਾਦ ਗਰਕ ਹੋ ਰਹੀ ਹੈ। 
ਕਾਰਨ ਸਪੱਸ਼ਟ ਹੈ ਕਿ ਵਿਭਾਗ ਨੇ ਕਰਮਚਾਰੀਆਂ ਅਤੇ ਲੋਕਾਂ ਨੂੰ ਸਹੂਲਤ ਤਾਂ ਦਿੱਤੀ ਪਰ ਲੱਖਾਂ ਦੀ ਜਾਇਦਾਦ ਸੰਭਾਲ ਲਈ ਥਾਣਿਆਂ 'ਚ ਸ਼ੈੱਡਾਂ ਤੱਕ ਨਹੀਂ ਬਣਵਾ ਕੇ ਦਿੱਤੀਆਂ, ਜਿਸ ਕਾਰਨ ਸਾਰੇ ਥਾਣਿਆਂ ਦੇ ਹਾਲਾਤ ਇਹ ਹਨ ਕਿ ਅਪਰਾਧੀਆਂ ਤੋਂ ਬਰਾਮਦ ਲੋਕਾਂ ਦੇ ਲੱਖਾਂ ਦੇ ਵ੍ਹੀਕਲ ਥਾਣਾ ਇਮਾਰਤਾਂ ਦੇ ਬਾਹਰ ਖੁੱਲ੍ਹੇ 'ਚ ਕੜਕਦੀ ਧੁੱਪ, ਮੀਂਹ ਆਦਿ ਝੱਲ ਰਹੇ ਹਨ। ਸਾਲਾਂ ਤੋਂ ਥਾਣਿਆਂ 'ਚ ਵ੍ਹੀਕਲ 'ਓਪਨ ਮਾਲਖਾਨਿਆਂ' 'ਚ ਜੰਗ ਲੱਗਣ ਦੇ ਨਾਲ-ਨਾਲ ਲਗਭਗ ਕੰਡਮ ਹੀ ਹੋ ਚੁੱਕੇ ਹਨ। ਵ੍ਹੀਕਲਾਂ ਦੇ ਹਾਲਾਤ ਅਜਿਹੇ ਹੋ ਚੁੱਕੇ ਹਨ ਕਿ ਅਸਲ ਮਾਲਕ ਤਕ ਆਪਣੇ ਵ੍ਹੀਕਲ ਨੂੰ ਪਛਾਣਨ ਤੋਂ ਇਨਕਾਰ ਕਰ ਰਹੇ ਹਨ। ਵ੍ਹੀਕਲ ਮਾਲਕਾਂ ਨੂੰ ਸਾਰੀਆਂ ਕਾਨੂੰਨੀ ਮੁਸ਼ਕਲਾਂ ਨੂੰ ਝੱਲਦੇ ਹੋਏ ਆਪਣਾ 'ਕੰਡਮ ਵ੍ਹੀਕਲ' ਲੈਣ ਦੀ ਬਜਾਏ ਅਨਟ੍ਰੇਸ ਸਰਟੀਫਿਕੇਟ ਲੈਣਾ ਸਭ ਤੋਂ ਆਸਾਨ ਲੱਗਦਾ ਹੈ।
ਜਗ ਬਾਣੀ ਵਲੋਂ ਕਮਿਸ਼ਨਰ ਦੇ ਸਾਰੇ 14 ਥਾਣਿਆਂ, ਮਹਿਲਾ ਥਾਣਾ, ਟ੍ਰੈਫਿਕ ਥਾਣਾ 'ਚ ਜ਼ਬਤ ਵ੍ਹੀਕਲ ਦੇ ਹਾਲਾਤ ਪਤਾ ਕੀਤੇ ਗਏ ਜਿਵੇਂ ਸੂਚਨਾ ਮਿਲੀ ਸੀ ਕਿ ਥਾਣਿਆਂ 'ਚ ਨਾਗਰਿਕਾਂ ਦੀ ਲੱਖਾਂ ਦੀ ਜਾਇਦਾਦ ਕਬਾੜ ਹੋ ਚੁੱਕੀ ਹੈ, ਵਾਕਈ ਅਜਿਹਾ ਹੀ ਸੀ। ਲਗਭਗ ਸਾਰੇ ਥਾਣਿਆਂ 'ਚ ਪੁਲਸ ਵਲੋਂ ਵੱਖ-ਵੱਖ ਧਾਰਾਵਾਂ ਅਧੀਨ ਜ਼ਬਤ ਵ੍ਹੀਕਲ ਥਾਣਿਆਂ ਦੇ ਓਪਨ ਏਰੀਏ 'ਚ ਡਿੱਗੇ ਪਏ ਦੇਖੇ ਗਏ। ਬੇਤਰਤੀਬੇ ਢੰਗ ਅਤੇ ਇਕ ਦੂਜੇ ਦੇ ਉਪਰ ਡਿੱਗੇ ਪਏ ਵਾਹਨਾਂ ਨੂੰ ਦੇਖ ਕੇ ਥਾਣੇ ਦਾ ਮਾਲਖਾਨਾ ਘੱਟ 'ਕਬਾੜ ਦੀ ਦੁਕਾਨ' ਜ਼ਿਆਦਾ ਲੱਗ ਰਹੀ ਸੀ। 
ਅਪਰਾਧੀਆਂ ਤੋਂ ਬਰਾਮਦਗੀ ਅਤੇ ਐਕਸੀਡੈਂਟ ਕੇਸਾਂ ਦੇ ਹੁੰਦੇ ਹਨ ਜ਼ਬਤ ਵ੍ਹੀਕਲ
ਜਾਣਕਾਰੀ ਮੁਤਾਬਕ ਥਾਣਿਆਂ ਦੇ ਓਪਨ ਏਰੀਏ 'ਚ ਜ਼ਬਤ ਵ੍ਹੀਕਲ ਪਏ ਰਹਿੰਦੇ ਹਨ। ਪੁਲਸ ਰਿਕਾਰਡ ਮੁਤਾਬਕ ਉਕਤ ਵਾਹਨ ਉਹ ਹੁੰਦੇ ਹਨ ਜੋ ਕਿ ਅਪਰਾਧੀਆਂ ਤੋਂ ਬਰਾਮਦ ਕੀਤੇ ਜਾਂਦੇ ਹਨ ਤੇ ਦੁਰਘਟਨਾਵਾਂ 'ਚ ਹਾਦਸਾਗ੍ਰਸਤ ਵ੍ਹੀਕਲ ਹੁੰਦੇ ਹਨ ਜਾਂ ਫਿਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਸਮੇਂ ਬਾਊਂਡ ਕੀਤੇ ਗਏ ਵ੍ਹੀਕਲ ਹੋਣ। ਅਜਿਹੇ ਜ਼ਬਤ ਕੀਤੇ ਗਏ ਵ੍ਹੀਕਲ ਨੂੰ ਪੁਲਸ ਰਿਕਾਰਡ 'ਚ ਕੇਸ ਪ੍ਰਾਪਰਟੀ ਦਾ ਨਾਂ ਦਿੱਤਾ ਜਾਂਦਾ ਹੈ। ਨਿਯਮ ਮੁਤਾਬਕ ਉਕਤ ਕੇਸ ਪ੍ਰਾਪਰਟੀ ਬਾਰੇ ਅਦਾਲਤੀ ਹੁਕਮ ਬਗੈਰ ਪੁਲਸ ਅਧਿਕਾਰੀ ਵੀ ਕੋਈ ਫੈਸਲਾ ਨਹੀਂ ਲੈ ਸਕਦੇ। ਨਿਯਮ ਮੁਤਾਬਕ ਜਿਸ ਵਿਅਕਤੀ ਦਾ ਵ੍ਹੀਕਲ ਹੈ ਉਹ ਵੀ ਅਦਾਲਤ 'ਚ ਆਪਣੀ ਮਲਕੀਅਤ ਸਾਬਤ ਕਰਕੇ ਸਪੁਰਦਗੀ ਲੈ ਸਕਦਾ ਹੈ।
ਨਹੀਂ ਲੈਂਦੇ ਲੋਕ ਵ੍ਹੀਕਲ ਕਿਉਂਕਿ ਵ੍ਹੀਕਲ ਦੀ ਕੀਮਤ ਘੱਟ ਅਤੇ ਖਰਚਾ ਜ਼ਿਆਦਾ
ਲੋਕਾਂ ਦੇ ਜ਼ਬਤ ਵ੍ਹੀਕਲ ਸਾਲੋ-ਸਾਲ ਥਾਣਿਆਂ ਦੇ ਓਪਨ ਮਾਲਖਾਨਿਆਂ 'ਚ ਖੜ੍ਹੇ ਰਹਿਣ ਦਾ ਮੁੱਖ ਕਾਰਨ ਇਹ ਹੈ ਕਿ ਲੋਕ ਆਪਣੇ ਵ੍ਹੀਕਲ ਦੀ ਸਪੁਰਦਗੀ ਨਹੀਂ ਲੈਦੇ। ਜੇਕਰ ਸਪੁਰਦਗੀ ਲੈ ਲੈਣ ਤਾਂ ਥਾਣਿਆਂ ਦਾ ਬੋਝ ਘੱਟ ਹੋ ਸਕਦਾ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਐਕਸੀਡੈਂਟ ਕੇਸਾਂ 'ਚ ਵ੍ਹੀਕਲ ਕਾਫੀ ਹੱਦ ਤਕ ਕੰਡਮ ਹੋ ਜਾਂਦੇ ਹਨ। ਸਪੁਰਦਗੀ ਲੈ ਕੇ ਉਸ ਦੀ ਰਿਪੇਅਰ 'ਚ ਖਰਚ ਦਾ ਐਸਟੀਮੇਟ ਓਨਾ ਹੀ ਬਣ ਜਾਂਦਾ ਹੈ, ਜਿੰਨੀ ਵ੍ਹੀਕਲ ਦੀ ਕੀਮਤ ਨਹੀਂ ਹੁੰਦੀ। ਅਜਿਹੇ ਹਾਲਤ 'ਚ ਲੋਕ ਆਪਣੇ ਵ੍ਹੀਕਲ ਨੂੰ ਭੁੱਲ ਹੀ ਜਾਂਦੇ ਹਨ।


Related News