''ਦਿਲ ਮੇਰਾ ਵੀ ਕਰਦੈ ਛੱਡਦਾਂ ਪਰ ਤੇਰੀ ਆਦਤ ਪੈ ਗਈ ਐ'' ਚਾਹੁੰਦੇ ਹੋਏ ਵੀ ਨਸ਼ਾ ਨਹੀਂ ਛੱਡ ਸਕਦੇ 80 ਫੀਸਦੀ ਨੌਜਵਾਨ

Monday, July 17, 2017 11:28 AM
''ਦਿਲ ਮੇਰਾ ਵੀ ਕਰਦੈ ਛੱਡਦਾਂ ਪਰ ਤੇਰੀ ਆਦਤ ਪੈ ਗਈ ਐ'' ਚਾਹੁੰਦੇ ਹੋਏ ਵੀ ਨਸ਼ਾ ਨਹੀਂ ਛੱਡ ਸਕਦੇ 80 ਫੀਸਦੀ ਨੌਜਵਾਨ

ਜਲੰਧਰ(ਸੁਮਿਤ ਦੁੱਗਲ)— 'ਦਿਲ ਮੇਰਾ ਵੀ ਕਰਦੈ ਛੱਡਦਾਂ ਪਰ ਤੇਰੀ ਆਦਤ ਪੈ ਗਈ ਐ' ਕਿਸੇ ਗੀਤਕਾਰ ਵਲੋਂ ਲਿਖੀਆਂ ਗਈਆਂ ਲਾਈਨਾਂ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਜ਼ਿੰਦਗੀ 'ਤੇ ਸਹੀ ਢੁੱਕਦੀਆਂ ਹਨ, ਜੋ ਨਸ਼ਾ ਛੱਡਣ ਦੀ ਇੱਛਾ ਰੱਖਦਿਆਂ ਹੋਇਆਂ ਵੀ ਨਸ਼ਾ ਨਹੀਂ ਛੱਡ ਸਕਦੇ ਕਿਉਂਕਿ ਉਨ੍ਹਾਂ ਨੂੰ ਨਸ਼ਿਆਂ ਦੀ ਆਦਤ ਪੈ ਜਾਂਦੀ ਹੈ ਅਤੇ ਨਸ਼ਾ ਉਨ੍ਹਾਂ ਦੀਆਂ ਨਸਾਂ ਅਤੇ ਦਿਮਾਗ 'ਚ ਪੂਰੀ ਤਰ੍ਹਾਂ ਘਰ ਕਰ ਜਾਂਦਾ ਹੈ। ਦਿਲ ਨਸ਼ਾ ਛੱਡਣ ਨੂੰ ਕਰਦਾ ਹੈ ਪਰ ਉਨ੍ਹਾਂ ਦਾ ਸਰੀਰ ਇਸ ਦੀ ਇਜਾਜ਼ਤ ਨਹੀਂ ਦਿੰਦਾ।
ਪਿਛਲੇ ਕੁਝ ਸਮੇਂ ਤੋਂ ਭਾਰਤ ਦੇ 'ਨਕਸ਼ੇ' 'ਚ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਹੋਰ ਤਾਂ ਹੋਰ ਇਸ ਮਾਮਲੇ 'ਤੇ ਆਧਾਰਿਤ ਇਕ ਫਿਲਮ 'ਉੜਤਾ ਪੰਜਾਬ' ਵੀ ਆਈ, ਜਿਸ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਨਸ਼ਿਆਂ ਦੀ ਗ੍ਰਿਫਤ ਵਿਚ ਵਿਖਾਇਆ ਗਿਆ ਹੈ। ਅਜਿਹੇ ਸਮੇਂ ਵਿਚ ਪੰਜਾਬ ਵਿਚ ਨਸ਼ੀਲੇ ਪਦਾਰਥਾਂ 'ਤੇ ਨਿਰਭਰ ਲੋਕਾਂ 'ਤੇ ਆਧਾਰਿਤ ਇਕ ਸਰਵੇ ਕਰਵਾਇਆ ਗਿਆ। ਕੁਝ ਸਮਾਂ ਪਹਿਲਾਂ ਆ ਚੁੱਕੀ ਉਸ ਰਿਪੋਰਟ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ 'ਚ ਨਸ਼ਾ ਕਰਨ ਵਾਲੇ ਨੌਜਵਾਨਾਂ 'ਚੋਂ 80 ਫੀਸਦੀ ਨੌਜਵਾਨ ਅਜਿਹੇ ਹਨ ਜੋ ਨਸ਼ਾ ਛੱਡਣਾ ਚਾਹੁੰਦੇ ਹਨ ਪਰ ਛੱਡ ਨਹੀਂ ਸਕਦੇ। ਹੁਣ ਭਾਵੇਂ ਸਰਕਾਰੀ ਜਾਂ ਨਿੱਜੀ ਸੰਸਥਾਵਾਂ ਵਲੋਂ ਨਸ਼ਾ ਛੁਡਾਊ ਕੇਂਦਰ ਵੀ ਖੋਲ੍ਹੇ ਗਏ ਹਨ ਪਰ ਫਿਰ ਵੀ ਜ਼ਿਆਦਾਤਰ ਲੋਕਾਂ ਨੂੰ ਸਹੀ ਸਮੇਂ 'ਤੇ ਸਹੀ ਗਾਈਡੈਂਸ ਨਹੀਂ ਮਿਲਦੀ। 
ਜੇਕਰ ਸਰਵੇ ਰਿਪੋਰਟ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਨਸ਼ਿਆਂ ਦੇ ਆਦੀ ਨੌਜਵਾਨਾਂ 'ਚੋਂ ਸਿਰਫ 35 ਫੀਸਦੀ ਨੂੰ ਹੀ ਸਹੀ ਸਮੇਂ 'ਤੇ ਸਹੀ ਗਾਈਡੈਂਸ ਜਾਂ ਮਦਦ ਮਿਲਦੀ ਹੈ। ਇਨ੍ਹਾਂ 'ਚੋਂ ਕਈ ਨਸ਼ਾ ਛੱਡ ਵੀ ਦਿੰਦੇ ਹਨ ਪਰ ਛੱਡਣ ਵਾਲਿਆਂ ਦੀ ਰੇਸ਼ੋ ਬਹੁਤ ਜ਼ਿਆਦਾ ਨਹੀਂ ਹੁੰਦੀ। ਪੰਜਾਬ ਵਿਚ ਨਸ਼ੀਲੇ ਪਦਾਰਥਾਂ 'ਤੇ ਨਿਰਭਰ ਲੋਕਾਂ 'ਤੇ ਕਰਵਾਏ ਗਏ ਸਰਵੇ ਵਿਚ ਵੱਖ-ਵੱਖ ਜ਼ਿਲਿਆਂ ਦੇ 3620 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜੋ ਕਿਸੇ ਨਾ ਕਿਸੇ ਨਸ਼ੀਲੇ ਪਦਾਰਥ ਦੀ ਵਰਤੋਂ ਕਰ ਆ ਰਹੇ ਹਨ। ਇਨ੍ਹਾਂ 'ਚੋਂ 53 ਫੀਸਦੀ ਅਜਿਹੇ ਹਨ ਜੋ ਹੈਰੋਇਨ, ਸਮੈਕ ਆਦਿ ਜਿਹੇ ਮਹਿੰਗੇ ਨਸ਼ਿਆਂ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ 33 ਫੀਸਦੀ ਮੈਡੀਕਲ ਨਸ਼ਾ ਜਾਂ ਟੀਕਿਆਂ 'ਤੇ ਨਿਰਭਰ ਹਨ। ਬਾਕੀ ਵੱਖ-ਵੱਖ ਨਸ਼ਿਆਂ ਦੀ ਲਪੇਟ 'ਚ ਹਨ।
ਅਜਿਹੇ ਹਾਲਾਤ ਤੋਂ ਬਾਅਦ ਹੁਣ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਨਸ਼ਿਆਂ ਦੀ ਲਪੇਟ ਵਿਚ ਹੈ ਪਰ ਪੰਜਾਬ ਵਿਚ ਪੜ੍ਹੇ-ਲਿਖੇ, ਸਕਿਲਡ ਅਤੇ ਨਸ਼ਿਆਂ ਦੀ ਦਲਦਲ ਤੋਂ ਦੂਰ ਰਹਿਣ ਵਾਲੇ ਨੌਜਵਾਨਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਵਿਚ ਨਸ਼ਿਆਂ ਨੂੰ ਲੈ ਕੇ ਹਮੇਸ਼ਾ ਹੀ ਰਾਜਨੀਤੀ ਹੁੰਦੀ ਆਈ ਹੈ ਅਤੇ ਇਸ ਦਾ ਠੋਸ ਹੱਲ ਅਜੇ ਤੱਕ ਨਹੀਂ ਨਿਕਲਿਆ।
ਨਸ਼ਾ ਕਰਨ ਵਾਲਿਆਂ 'ਚ ਜ਼ਿਆਦਾਤਰ 18 ਤੋਂ 35 ਸਾਲ ਦੇ
ਸਰਵੇ ਰਿਪੋਰਟ ਵਿਚ ਜੋ ਅੰਕੜੇ ਦੱਸੇ ਗਏ ਹਨ। ਇਕ ਰਿਪੋਰਟ ਮੁਤਾਬਕ ਨਸ਼ਾ ਕਰਨ ਦੇ ਆਦੀ ਨੌਜਵਾਨਾਂ 'ਚੋਂ 76 ਫੀਸਦੀ 18 ਤੋਂ 35 ਸਾਲ ਦੀ ਉਮਰ ਦੇ ਹਨ। ਜੇਕਰ ਦੇਖਿਆ ਜਾਵੇ ਤਾਂ ਕਿਸੇ ਵੀ ਸਰਕਾਰੀ ਨੌਕਰੀ ਲਈ ਵੀ ਇਹ ਉਮਰ ਹੁੰਦੀ ਹੈ। ਬੇਰੋਜ਼ਗਾਰੀ ਕਾਰਨ ਵੀ ਇਸ ਉਮਰ 'ਚ ਲੋਕ ਨਸ਼ਿਆਂ ਵਲ ਤੁਰ ਪੈਂਦੇ ਹਨ। 
ਨਸ਼ਿਆਂ ਕਾਰਨ ਵਧਦਾ ਹੈ ਕ੍ਰਾਈਮ ਦਾ ਗ੍ਰਾਫ
ਪੰਜਾਬ ਵਿਚ ਪਿਛਲੇ ਕੁਝ ਸਾਲਾਂ ਵਿਚ ਕ੍ਰਾਈਮ ਦਾ ਗ੍ਰਾਫ ਵੀ ਉਪਰ ਹੀ ਰਿਹਾ ਹੈ, ਜਿਸ ਦੇ ਪਿੱਛੇ ਵੀ ਨਸ਼ਿਆਂ ਨੂੰ ਕਾਰਨ ਮੰਨਿਆ ਜਾਂਦਾ ਹੈ, ਜੇਕਰ ਪੰਜਾਬ 'ਚ ਰਹਿਣ ਵਾਲੇ ਨੌਜਵਾਨਾਂ ਦੀ ਸਰਵੇ ਰਿਪੋਰਟ ਦੇਖੀਏ ਤਾਂ ਹਾਈ-ਪ੍ਰੋਫਾਈਲ ਨਸ਼ਾ ਕਰਨ ਵਾਲੇ ਔਸਤਨ 1400 ਰੁਪਏ ਦਾ ਇਕ ਨਸ਼ਾ ਕਰ ਲੈਂਦੇ ਹਨ। ਉਥੇ ਲੋਅਰ ਕਲਾਸ ਵਿਚ ਨਸ਼ਾ ਕਰਨ ਦੇ ਆਦੀ ਲੋਕ ਔਸਤਨ 340 ਰੁਪਏ ਰੋਜ਼ਾਨਾ ਦਾ ਨਸ਼ਾ ਕਰਦੇ ਹਨ, ਜਦੋਂਕਿ ਮੈਡੀਕਲ ਨਸ਼ਿਆਂ ਲਈ ਵੀ ਲੋਕ ਔਸਤਨ 200 ਤੋਂ ਉਪਰ ਰੋਜ਼ ਨਸ਼ਿਆਂ 'ਤੇ ਖਰਚ ਦਿੰਦੇ ਹਨ। ਅਜਿਹੇ ਵਿਚ ਪੈਸਿਆਂ ਦੀ ਕਮੀ ਕਾਰਨ ਨਸ਼ਿਆਂ ਦੀ ਪੂਰਤੀ ਲਈ ਇਹ ਲੋਕ ਕ੍ਰਾਈਮ ਦੀ ਦੁਨੀਆ ਵਿਚ ਕਦਮ ਰੱਖਦੇ ਹਨ। 
ਸਰਕਾਰਾਂ ਗੰਭੀਰ ਪਰ ਸੱਚਾਈ ਤੋਂ ਦੂਰ
ਸੂਬੇ ਵਿਚ ਭਾਵੇਂ ਅਕਾਲੀ-ਭਾਜਪਾ ਸਰਕਾਰ ਰਹੀ ਜਾਂ ਫਿਰ ਹੁਣ ਕਾਂਗਰਸ ਦੀ ਸਰਕਾਰ ਆ ਗਈ ਹੈ। ਸਾਰੀਆਂ ਸਰਕਾਰਾਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੇ ਦਾਅਵੇ ਤਾਂ ਕਰਦੀਆਂ ਹਨ ਅਤੇ ਇਸ ਪਾਸੇ ਗੰਭੀਰ ਹੋਣ ਦਾ ਸਵਾਂਗ ਰਚਣ ਵਿਚ ਵੀ ਕੋਈ ਕਸਰ ਨਹੀਂ ਛੱਡਦੀਆਂ ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਵੱਡੇ ਪੱਧਰ 'ਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਅਜੇ ਵੀ ਹੱਥ ਨਹੀਂ ਪਾਇਆ ਜਾਂਦਾ ਅਤੇ ਛੋਟੀ-ਮੋਟੀ ਕਾਰਵਾਈ ਹੀ ਕੀਤੀ ਜਾਂਦੀ ਹੈ। ਪੰਜਾਬ ਵਿਚ ਨਸ਼ੀਲੇ ਪਦਾਰਥ ਆਉਣ ਤੋਂ ਰੋਕਣ ਲਈ ਅਜੇ ਵੀ ਅਸੀਂ ਕਾਫੀ ਪਿੱਛੇ ਹਾਂ।