ਜ਼ਿਲੇ ਦੀਆਂ ਮੰਡੀਆਂ ''ਚ 75551 ਟਨ ਝੋਨੇ ਦੀ ਹੋਈ ਆਮਦ

10/18/2017 7:38:32 AM

ਰੂਪਨਗਰ, (ਵਿਜੇ)- ਝੋਨੇ ਦੀ ਖਰੀਦ ਤੇ ਚੁਕਾਈ ਨੂੰ ਸੁਚੱਜੇ ਢੰਗ ਨਾਲ ਕਰਨ ਦੇ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲੇ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਦੀ 98 ਫੀਸਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਦਿੰਦਿਆਂ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ 'ਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ ਤੇ 15 ਅਕਤੂਬਰ ਤੱਕ ਜ਼ਿਲੇ ਦੀਆਂ ਮੰਡੀਆਂ 'ਚ 75551 ਟਨ ਝੋਨੇ ਦੀ ਆਮਦ ਹੋਈ ਹੈ ਜੋ ਕਿ ਸਾਰੇ ਦਾ ਸਾਰਾ ਵੱਖ-ਵੱਖ 6 ਖਰੀਦ ਏਜੰਸੀਆਂ ਵਲੋਂ ਖਰੀਦ ਲਿਆ ਜਦਕਿ ਪਿਛਲੇ ਸਾਲ 15 ਅਕਤੂਬਰ ਤੱਕ  66639 ਟਨ ਝੋਨੇ ਦੀ ਖਰੀਦ ਕੀਤੀ ਗਈ ਸੀ ਤੇ ਪੂਰੇ ਸੀਜ਼ਨ ਦੌਰਾਨ 210957 ਟਨ ਝੋਨਾ ਖਰੀਦਿਆ ਗਿਆ ਸੀ। 
ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਸਰਕਾਰ ਵਲੋਂ ਨਿਰਧਾਰਤ ਮਾਪਦੰਡ ਤੋਂ ਵੱਧ ਨਮੀ ਵਾਲਾ ਝੋਨਾ ਮੰਡੀਆਂ 'ਚ ਨਾ ਆਉਣ ਦਿੱਤਾ ਜਾਵੇ ਤੇ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਲਿਆਉਣ ਵਾਲੀਆਂ ਟਰਾਲੀਆਂ ਨੂੰ ਗੇਟਾਂ ਤੋਂ ਹੀ ਵਾਪਿਸ ਮੋੜ ਦਿੱਤਾ ਜਾਵੇ ਤੇ ਮੰਡੀਆਂ ਦੇ ਗੇਟਾਂ ਤੇ ਲਾਏ ਨਮੀ ਮਾਪਣ ਵਾਲੇ ਯੰਤਰਾਂ ਨਾਲ ਨਮੀ ਮਾਪ ਕੇ ਹੀ ਝੋਨਾ ਮੰਡੀ 'ਚ ਆਉਣ ਦਿੱਤਾ ਜਾਵੇ । ਉਨ੍ਹਾਂ ਨਾਲ ਹੀ ਕੰਬਾਈਨ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਾਮ 7 ਤੋਂ ਸਵੇਰੇ 9 ਵਜੇ ਤੱਕ ਕੰਬਾਈਨ ਨਾਲ ਕਟਾਈ 'ਤੇ ਜ਼ਿਲਾ ਮੈਜਿਸਟ੍ਰੇਟ ਵੱਲੋਂ ਲਾਈ ਪਾਬੰਦੀ ਦੀ ਮੁਕੰਮਲ ਰੂਪ 'ਚ ਪਾਲਣਾ ਕਰਨ। ਉਨ੍ਹਾਂ ਦੱਸਿਆ ਕਿ ਇਸ ਵਾਰ ਕੰਬਾਈਨ ਮਾਲਕਾਂ ਵੱਲੋਂ ਉਕਤ ਰੋਕ ਦੀ ਉਲੰਘਣਾ ਕਰਨ 'ਤੇ ਇਕ ਹਫ਼ਤੇ ਲਈ ਕੰਬਾਈਨ ਜ਼ਬਤ ਕਰਨ ਦੀ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। 
ਸਤਵੀਰ ਸਿੰਘ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਪਨਗ੍ਰੇਨ ਨੇ 25031 ਟਨ, ਮਾਰਕਫ਼ੈੱਡ ਨੇ 15885 ਟਨ, ਪਨਸਪ ਨੇ 20039 ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 6945 ਟਨ, ਪੰਜਾਬ ਐਗਰੋ ਨੇ 6400 ਟਨ, ਭਾਰਤੀ ਖੁਰਾਕ ਨਿਗਮ ਨੇ 1251 ਟਨ ਝੋਨਾ ਖਰੀਦਿਆ ਹੈ। ਖੁਰਾਕ ਤੇ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਹੁਣ ਤੱਕ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 90.30 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਜਿਸ 'ਚੋਂ ਪਨਗ੍ਰੇਨ ਵੱਲੋਂ 31.32 ਕਰੋੜ, ਮਾਰਕਫ਼ੈੱਡ ਵੱਲੋਂ 16.63 ਕਰੋੜ, ਪਨਸਪ ਵੱਲੋਂ 23.99 ਕਰੋੜ, ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 8.36 ਕਰੋੜ, ਪੰਜਾਬ ਐਗਰੋ ਵੱਲੋਂ 8.48 ਕਰੋੜ, ਭਾਰਤੀ ਖੁਰਾਕ ਨਿਗਮ ਵੱਲੋਂ 1.52 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। 
ਫਸਲ ਦੀ ਲਿਫਟਿੰਗ ਬਾਰੇ ਜਾਣਕਾਰੀ ਦਿੰਦਿਆਂ ਸਤਵੀਰ ਸਿੰਘ ਨੇ ਦੱਸਿਆ ਕਿ ਖਰੀਦ ਕੀਤੇ ਝੋਨੇ 'ਚੋਂ 61851 ਟਨ ਝੋਨੇ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ 'ਚੋਂ ਪਨਗ੍ਰੇਨ ਨੇ 20930 ਟਨ, ਮਾਰਕਫ਼ੈੱਡ ਨੇ 11827 ਟਨ, ਪਨਸਪ ਨੇ 16785 ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 5250 ਟਨ, ਪੰਜਾਬ ਐਗਰੋ ਨੇ 5847 ਟਨ, ਭਾਰਤੀ ਖੁਰਾਕ ਨਿਗਮ ਨੇ 1212 ਟਨ ਝੋਨੇ ਦੀ ਲਿਫਟਿੰਗ ਕੀਤੀ ਗਈ ਹੈ।


Related News