ਨੌਜਵਾਨ ਨਸ਼ੇ ਤੋਂ ਦੂਰ ਰਹਿ ਕੇ ਪੰਜਾਬੀ ਵਿਰਸੇ ਨੂੰ ਸੰਭਾਲਣ : ਮਹੰਤ ਸਾਂਤਾ ਨੰਦ ਜੀ

01/17/2018 5:24:58 PM


ਬੁਢਲਾਡਾ (ਮਨਜੀਤ) - ਨੇੜਲੇ ਪਿੰਡ ਬੀਰੋਕੇ ਕਲਾਂ ਵਿਖੇ ਬਾਬਾ ਅਲਖ ਰਾਮ ਜੀ ਦੀ ਯਾਦ ਨੂੰ ਸਮਰਪਿਤ 6ਵਾਂ ਕੁਸ਼ਤੀ ਦੰਗਲ ਦਾ ਉਦਘਾਟਨ ਮਹੰਤ ਸਾਂਤਾ ਨੰਦ ਜੀ, ਮਹੰਤ ਬਾਲਕ ਰਾਮ ਜੀ ਅਤੇ ਪ੍ਰਧਾਨ ਅਜੈਬ ਸਿੰਘ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਮਹੰਤ ਸਾਂਤਾ ਨੰਦ ਜੀ, ਮਹੰਤ ਬਾਲਕ ਰਾਮ ਜੀ ਨੇ ਕਿਹਾ ਕਿ ਪਹਿਲਾਂ ਤੋਂ ਹੀ ਬਾਬਾ ਅਲਖ ਰਾਮ ਜੀ ਦੀ ਯਾਦ 'ਚ ਹਰ ਸਾਲ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਕਬੱਡੀ ਕੱਪ ਕਰਵਾਇਆ ਜਾਂਦਾ ਹੈ। ਅੱਜ ਵੀ ਉਸ ਪਿਰਤ ਨੂੰ ਜਾਰੀ ਰੱਖਦੇ ਹੋਏ ਨਗਰ ਪੰਚਾਇਤ, ਕਲੱਬ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਕੁਸ਼ਤੀ ਸਿੰਝ ਮੇਲਾ ਧੂਮ-ਧਾਮ ਨਾਲ ਸ਼ੁਰੂ ਕੀਤਾ ਗਿਆ। ਜਿਸ 'ਚ 100 ਦੇ ਕਰੀਬ ਪਹਿਲਵਾਨਾਂ ਨੇ ਕੁਸ਼ਤੀ ਮੁਕਾਬਲੇ 'ਚ ਭਾਗ ਲਿਆ।ਮਹੰਤ ਸਾਂਤਾ ਨੰਦ ਜੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਤਿਆਗ ਕੇ ਆਪਣੇ ਵਿਰਸੇ ਨੂੰ ਸੰਭਾਲਣ ਲਈ ਅਜਿਹੇ ਮੇਲੇ ਕਰਵਾਉਣੇ ਚਾਹੀਦੇ ਹਨ ਤਾਂ ਕਿ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਸਾਡੇ ਮਨਾਂ ਤੋਂ ਉਤਾਰਿਆ ਜਾ ਸਕੇ। ਇਸ ਮੌਕੇ ਅੇਡਵੋਕੇਟ ਗੁਰਵਿੰਦਰ ਸਿੰਘ, ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਗੀਤੂ, ਚੇਅਰਮੈਨ ਗੁਰਦੀਪ ਸਿੰਘ, ਬਾਹਲੂ ਸਿੰਘ ਆਦਿ ਤੋਂ ਇਲਾਵਾ ਦਰਸ਼ਕ ਅਤੇ ਪਹਿਲਵਾਨ ਮੌਜੂਦ ਸਨ। 
 


Related News