ਹੈਰੋਇਨ ਤੇ ਚੋਰੀ ਦੇ ਮੋਬਾਇਲਾਂ ਸਮੇਤ ਔਰਤ ਸਣੇ 6 ਗ੍ਰਿਫਤਾਰ

08/17/2017 6:58:04 AM

ਕਪੂਰਥਲਾ, (ਭੂਸ਼ਣ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਲਗਾਈ ਨਾਕਾਬੰਦੀ ਦੌਰਾਨ ਹੈਰੋਇਨ ਤੇ ਚੋਰੀ ਦੇ 13 ਮੋਬਾਇਲ ਅਤੇ ਐੱਲ. ਈ. ਡੀ. ਸਣੇ ਇਕ ਮਹਿਲਾ ਅਤੇ 5 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ।
 ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸੰਦੀਪ ਸ਼ਰਮਾ ਦੇ ਦੱਸਿਆ ਕਿ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਚੰਦਨ ਕੁਮਾਰ ਨੇ ਪੁਲਸ ਪਾਰਟੀ ਦੇ ਨਾਲ ਕਰਤਾਰਪੁਰ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇਕ ਮੋਟਰਸਾਈਕਲ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਮੋਟਰਸਾਈਕਲ 'ਤੇ ਸਵਾਰ ਇਕ ਮਹਿਲਾ ਅਤੇ ਉਸ ਦੇ ਸਾਥੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਘੇਰਾਬੰਦੀ ਕਰ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।ਪੁੱਛਗਿੱਛ ਦੌਰਾਨ ਮੁਲਜ਼ਮ ਵਿਅਕਤੀ ਨੇ ਆਪਣਾ ਨਾਂ ਰਣਪਾਲ ਸਿੰਘ ਉਰਫ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਵਡਾਲਾ ਤੇ ਮਹਿਲਾ ਨੇ ਆਪਣਾ ਨਾਂ ਜੋਗਿੰਦਰ ਕੌਰ ਉਰਫ ਗਿੰਦੀ ਪਤਨੀ ਮੰਨਾ ਸਿੰਘ ਵਾਸੀ ਡਡਵਿੰਡੀ ਦੱਸਿਆ। ਮਹਿਲਾ ਮੁਲਜ਼ਮ ਤੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ।
 ਉਥੇ ਦੂਜੇ ਪਾਸੇ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਰਜਾਪੁਰ ਮੋੜ 'ਤੇ ਨਾਕਾਬੰਦੀ ਦੌਰਾਨ 4 ਸ਼ੱਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੁਲਜ਼ਮਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਆਪਣਾ ਨਾਂ ਪ੍ਰਮੋਦ ਕੁਮਾਰ ਉਰਫ ਚੁਟਕੀ ਪੁੱਤਰ ਵਿਪਨ ਵਾਸੀ ਸਬਜ਼ੀ ਮੰਡੀ ਕਪੂਰਥਲਾ, ਦੁਖੀ ਸਾਹਨੀ ਉਰਫ ਦੁਖੀਆ ਪੁੱਤਰ ਮੰਨੇ ਲਾਲ ਵਾਸੀ ਜਲੌਖਾਨਾ ਕਪੂਰਥਲਾ, ਮੁਕੇਸ਼ ਕੁਮਾਰ ਉਰਫ ਜੋਗਿੰਦਰ ਕੁਮਾਰ ਵਾਸੀ ਡੱਲਾ ਸੁਲਤਾਨਪੁਰ ਲੋਧੀ ਅਤੇ ਵਿੱਕੀ ਉਰਫ ਸੋਨੂੰ ਪੁੱਤਰ ਕਲਸੇਰ ਵਾਸੀ ਝੁੱਗੀਆਂ ਆਰ. ਸੀ. ਐੱਫ. ਦੱਸਿਆ।
 ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਮੋਬਾਇਲ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦਾ ਕੰਮ ਕਰਦੇ ਹਨ ਅਤੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਮੌਕੇ 'ਤੇ 6 ਮੋਬਾਇਲ ਬਰਾਮਦ ਕਰ ਲਏ ਹਨ ਜਦਕਿ ਜਾਂਚ ਦੇ ਦੌਰਾਨ ਮੁਲਜ਼ਮਾਂ ਤੋਂ 7 ਹੋਰ ਮੋਬਾਇਲ ਅਤੇ ਇਕ ਐੱਲ. ਈ. ਡੀ. ਬਰਾਮਦ ਕੀਤੀ ਗਈ। ਗ੍ਰਿਫਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।


Related News