ਨਸ਼ੀਲੇ ਪਾਊਡਰ ਸਮੇਤ 6 ਗ੍ਰਿਫਤਾਰ

06/23/2017 6:59:28 AM

ਸੁਲਤਾਨਪੁਰ ਲੋਧੀ, (ਸੋਢੀ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਥਾਣਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ 'ਚ ਨਸ਼ੀਲੇ ਪਦਾਰਥਾਂ ਵਿਰੁੱਧ ਚਲਾਈ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ 6 ਮੁਲਜ਼ਮਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ 'ਚੋਂ 5 ਨੂੰ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ ਹੈ। 
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸੰਦੀਪ ਸ਼ਰਮਾ ਤੇ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ 6 ਮੁਲਜ਼ਮਾਂ ਕੋਲੋਂ 180 ਗ੍ਰਾਮ ਨਸ਼ੀਲਾ ਪਾਊਡਰ ਤੇ 6750 ਮਿਲੀਲੀਟਰ ਨਾਜਾਇਜ਼ ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਰਾਜ ਸਿੰਘ ਪੁੱਤਰ ਬਲਵੰਤ ਸਿੰਘ ਉਰਫ ਬਿੰਦੀ ਨਿਵਾਸੀ ਪਿੰਡ ਬੂਟਾ ਨੂੰ 20 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਕਾਬੂ ਕਰਕੇ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਚਰਚਿਤ ਪਿੰਡ ਤੋਤੀ ਦੇ ਨਿਵਾਸੀ ਸੁਰਜੀਤ ਸਿੰਘ ਉਰਫ ਤੋਤਾ ਪੁੱਤਰ ਕਰਨੈਲ ਸਿੰਘ ਨੂੰ ਪੁਲਸ ਪਾਰਟੀ ਨੇ 20 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਜੇਲ ਭੇਜਿਆ ਹੈ। ਇਸ ਤੋਂ ਇਲਾਵਾ ਨਾਕਾਬੰਦੀ ਦੌਰਾਨ ਸੁਖਦੇਵ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਪਿੰਡ ਬੂਟਾ ਨੂੰ 110 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰਕੇ ਜੇਲ ਭੇਜਿਆ ਹੈ ਤੇ ਜਸਵੰਤ ਸਿੰਘ ਉਰਫ ਗੱਲਾ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਲਾਟੀਆਂਵਾਲਾ ਨੂੰ 30 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ਤੇ ਗੁਰਮੀਤ ਸਿੰਘ ਪੁੱਤਰ ਸੋਢੀ ਸਿੰਘ ਨਿਵਾਸੀ ਪਿੰਡ ਕਾਲੋਨੀ ਸ਼ੇਖੂਪੁਰ (ਕਪੂਰਥਲਾ) ਨੂੰ ਸਥਾਨਕ ਪੁਲਸ ਨੇ 20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ, ਜਿਨ੍ਹਾਂ ਦਾ ਕੇਸ ਦਰਜ ਅਦਾਲਤ 'ਚ ਪੇਸ਼ ਕੀਤਾ ਤੇ ਜੇਲ ਭੇਜ ਦਿੱਤਾ ਗਿਆ।
ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਹੌਲਦਾਰ ਬਲਵੰਤ ਸਿੰਘ ਚੌਕੀ ਮੋਠਾਂਵਾਲ ਨੇ ਮੰਗਲ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਲਾਟੀਆਂਵਾਲ ਨੂੰ 6750 ਮਿਲੀਲੀਟਰ ਕੇਸ ਦਰਜ ਕਰਨ ਉਪਰੰਤ ਜ਼ਮਾਨਤ ਹੋਣ 'ਤੇ ਰਿਹਾਅ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਏ. ਐੱਸ. ਆਈ. ਹਰਜੀਤ ਸਿੰਘ ਚੌਕੀ ਇੰਚਾਰਜ ਮੋਠਾਂਵਾਲ, ਏ. ਐੱਸ. ਆਈ. ਕੇਵਲ ਸਿੰਘ, ਏ. ਐੱਸ. ਆਈ. ਕਿਰਪਾਲ ਸਿੰਘ, ਹੌਲਦਾਰ ਅਮਰਜੀਤ ਸਿੰਘ ਰੀਡਰ ਐੱਸ. ਐੱਚ. ਓ. ਤੇ ਮੁਣਸ਼ੀ ਬਲਕਾਰ ਸਿੰਘ ਆਦਿ ਹਾਜ਼ਰ ਸਨ।


Related News