ਸੁਖਬੀਰ ਬਾਦਲ ਦੀ ਰਿਸ਼ਤੇਦਾਰ ਤੇ ਕੈਨੇਡੀਅਨ-ਪੰਜਾਬਣ ਦੀ ਹੱਤਿਆ ਦਾ ਦੋਸ਼ੀ ਹੋਇਆ ਬਰੀ

12/11/2017 3:18:56 PM

ਲਾਹੌਰ/ਕੈਨੇਡਾ— 5 ਸਾਲ ਪਹਿਲਾਂ ਕੈਨੇਡਾ ਤੋਂ ਲਾਹੌਰ ਗਈ ਰਾਜਵਿੰਦਰ ਕੌਰ ਗਿੱਲ ਨੂੰ ਅਗਵਾ ਕਰਕੇ ਮਾਰ ਦਿੱਤਾ ਗਿਆ ਸੀ। ਰਾਜਵਿੰਦਰ ਦੇ ਪਿਤਾ ਸਿਕੰਦਰ ਸਿੰਘ ਗਿੱਲ ਦੀ ਸ਼ਿਕਾਇਤ 'ਤੇ ਹਾਫਿਜ਼ ਸ਼ਾਹਜ਼ਾਦ, ਸ਼ਾਹਿਦ ਗਜ਼ਨਫਰ ਉਰਫ਼ ਕ੍ਰਿਸ਼ਨਾ ਰੋਇ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ ਸੀ। ਇਸ ਦੀ ਸੁਣਵਾਈ ਹੇਠ ਸ਼ਨੀਵਾਰ ਨੂੰ ਪਾਕਿਸਤਾਨ ਦੀ ਅਦਾਲਤ ਨੇ ਕੈਨੇਡੀਅਨ-ਪੰਜਾਬਣ ਕਾਰੋਬਾਰੀ ਰਾਜਵਿੰਦਰ ਕੌਰ ਗਿੱਲ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰਨ ਦੇ ਦੋਸ਼ਾਂ ਹੇਠ ਫੜੇ ਹਾਫਿਜ਼ ਸ਼ਾਹਜ਼ਾਦ ਨੂੰ ਬਰੀ ਕਰ ਦਿੱਤਾ ਹੈ। ਸ਼ਾਹਜ਼ਾਦ ਖਿਲਾਫ ਕੋਈ ਪੁਖਤਾ ਸਬੂਤ ਪੇਸ਼ ਕਰਨ 'ਚ ਨਾਕਾਮ ਰਹਿਣ ਤੋਂ ਬਾਅਦ ਲਾਹੌਰ ਸੈਸ਼ਨ ਜੱਜ ਇਰਫਾਨ ਬਸਰਾ ਨੇ ਸ਼ਨੀਵਾਰ ਨੂੰ ਉਸ ਨੂੰ ਬਰੀ ਕੀਤਾ। ਅਦਾਲਤ ਨੇ ਸ਼ੱਕ ਦਾ ਲਾਭ ਦਿੰਦਿਆਂ ਮੁਲਜ਼ਮ ਨੂੰ ਰਾਹਤ ਦਿੱਤੀ। 

ਤੁਹਾਨੂੰ ਦੱਸ ਦਈਏ ਕਿ ਰਾਜਵਿੰਦਰ ਕੌਰ ਚੜ੍ਹਦੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਦੂਰ ਦੀ ਰਿਸ਼ਤੇਦਾਰ ਲੱਗਦੀ ਹੈ ਅਤੇ ਉਸ ਦੇ ਕਤਲ ਦਾ ਕੇਸ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਐਫ.ਆਈ.ਆਰ. ਮੁਤਾਬਕ ਰਾਜਵਿੰਦਰ 25 ਅਗਸਤ, 2012 ਨੂੰ ਕੈਨੇਡਾ ਤੋਂ ਲਾਹੌਰ ਪੁੱਜੀ ਸੀ। ਉਸ ਕੋਲ ਕੈਨੇਡੀਅਨ ਪਾਸਪੋਰਟ, ਨਕਦੀ, ਲੈਪਟਾਪ, ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਵਸਤਾਂ ਸਨ। ਸ਼ਿਕਾਇਤ ਮੁਤਾਬਕ ਰਾਜਵਿੰਦਰ ਸ਼ਾਹਿਦ, ਹਾਫਿਜ਼ ਅਤੇ ਹੋਰਾਂ ਦੇ ਸੰਪਰਕ 'ਚ ਸੀ। ਸ਼ਾਹਿਦ ਨੇ ਹਾਫਿਜ਼ ਅਤੇ ਹੋਰਾਂ ਨਾਲ ਮਿਲ ਕੇ ਰਾਜਵਿੰਦਰ ਨੂੰ ਅਗਵਾ ਕਰ ਲਿਆ ਅਤੇ ਉਸ ਦਾ ਸਾਮਾਨ ਲੁੱਟਣ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ। ਸਿਕੰਦਰ ਸਿੰਘ ਗਿੱਲ ਦੇ ਵਕੀਲ ਆਫਤਾਬ ਅਹਿਮਦ ਬਾਜਵਾ ਨੇ ਕਿਹਾ ਕਿ ਮੁਲਜ਼ਮ ਨੇ ਮੈਜਿਸਟਰੇਟ ਸਾਹਮਣੇ ਆਪਣਾ ਜੁਰਮ ਕਬੂਲ ਲਿਆ ਸੀ ਕਿ ਉਨ੍ਹਾਂ ਰਾਜਵਿੰਦਰ ਦਾ ਸਾਮਾਨ ਲੁੱਟ ਕੇ ਉਸ ਨੂੰ ਮਾਰ ਦਿੱਤਾ ਸੀ ਅਤੇ ਲਾਸ਼ ਖਾਨਪੁਰ ਨਹਿਰ 'ਚ ਸੁੱਟ ਦਿੱਤੀ ਸੀ। ਬਾਜਵਾ ਨੇ ਕਿਹਾ ਕਿ ਉਹ ਫੈਸਲੇ ਨੂੰ ਲਾਹੌਰ ਹਾਈ ਕੋਰਟ 'ਚ ਚੁਣੌਤੀ ਦੇਣਗੇ। ਸ਼ਾਹਿਦ ਗਜ਼ਨਫਰ ਜੁਰਮ ਕਰਨ ਤੋਂ ਬਾਅਦ ਪਾਕਿਸਤਾਨ ਛੱਡ ਕੇ ਚਲਾ ਗਿਆ ਸੀ ਅਤੇ ਉਹ ਕੈਨੇਡਾ 'ਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ।


Related News