5 ਜਥੇਬੰਦੀਆਂ ਵੱਲੋਂ ਥਾਣੇ ਦਾ ਘਿਰਾਓ

08/19/2017 12:11:09 AM

ਭਵਾਨੀਗੜ੍ਹ,(ਵਿਕਾਸ, ਅੱਤਰੀ)- ਮਹੀਨਾ ਪਹਿਲਾਂ ਜ਼ਿਮੀਂਦਾਰ ਦੇ ਖੇਤ ਵਿਚ ਇਕ ਮਜ਼ਦੂਰ ਦੀ ਹੋਈ ਮੌਤ ਦੇ ਮਾਮਲੇ ਵਿਚ ਅੱਜ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੰਜ ਜਥੇਬੰਦੀਆਂ ਵੱਲੋਂ ਭਵਾਨੀਗੜ੍ਹ ਪੁਲਸ ਥਾਣੇ ਦਾ ਘਿਰਾਓ ਕੀਤਾ ਗਿਆ।
ਇਸ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਐੱਫ. ਸੀ. ਆਈ. ਤੇ ਪੰਜਾਬ ਫੂਡ ਏਜੰਸੀਜ਼ ਪੱਲੇਦਾਰ ਆਜ਼ਾਦ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਸਮੇਤ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਪੁਲਸ ਤੋਂ ਮਜ਼ਦੂਰ ਹਰਦੀਪ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਪਰਚਾ ਦਰਜ ਕਰ ਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਕੀ ਹੈ ਮਾਮਲਾ : ਜਾਣਕਾਰੀ ਦਿੰਦਿਆਂ ਉਕਤ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਹਰਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਬਾਲਦ ਖੁਰਦ ਪਿੰਡ ਦੇ ਹੀ ਜ਼ਿਮੀਂਦਾਰਾਂ ਤਰਸੇਮ ਸਿੰਘ ਅਤੇ ਚਮਕੌਰ ਸਿੰਘ ਨਾਲ ਸੀਰੀ ਰਲਿਆ ਹੋਇਆ ਸੀ। 20-07-2017 ਨੂੰ ਉਨ੍ਹਾਂ ਦੇ ਖੇਤਾਂ ਵਿਚ ਕੀਟਨਾਸ਼ਕ ਦਵਾਈ ਪਾਉਂਦੇ ਹੋਏ ਦਵਾਈ ਚੜ੍ਹਨ ਨਾਲ ਉਸ ਦੀ ਮੌਤ ਹੋ ਗਈ ਸੀ। ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਹਰਦੀਪ ਸਿੰਘ ਦੀ ਮੌਤ ਉਕਤ ਜ਼ਿਮੀਂਦਾਰਾਂ ਦੀ ਅਣਗਹਿਲੀ ਨਾਲ ਹੋਈ ਅਤੇ ਬਾਅਦ ਵਿਚ ਪੁਲਸ ਨਾਲ ਮਿਲ ਕੇ 174 ਦੀ ਕਾਰਵਾਈ ਕਰਵਾਕੇ ਮਾਮਲਾ ਰਫਾ-ਦਫਾ ਕਰ ਦਿੱਤਾ।
ਧਰਨੇ ਵਿਚ ਸ਼ਾਮਲ ਮ੍ਰਿਤਕ ਹਰਦੀਪ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਐੱਸ. ਐੱਸ. ਪੀ. ਸੰਗਰੂਰ ਨੂੰ ਮਿਲਕੇ ਵੀ ਉਨ੍ਹਾਂ ਦੇ ਪਰਿਵਾਰ ਨੂੰ
ਇਨਸਾਫ ਨਹੀਂ ਮਿਲਿਆ, ਜਿਸ ਕਰ ਕੇ ਅੱਜ ਵੱਖ-ਵੱਖ ਜਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਥਾਣੇ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ। ਬਾਅਦ ਵਿਚ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਦੇ ਦਿੱਤੇ ਭਰੋਸੇ ਉਪਰੰਤ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ।
ਇਸ ਦੌਰਾਨ ਕਰਮ ਦਿਓਲ, ਰਾਮਪਾਲ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਲਾਲੀ, ਮੇਜਰ ਸਿੰਘ ਬਾਲਦ, ਜੀਵਨ ਸਿੰਘ ਘਰਾਚੋਂ, ਹਾਕਮ ਸਿੰਘ, ਰਾਮ ਸਿੰਘ ਦਿੜ੍ਹਬਾ, ਸ਼ੀਸ਼ਪਾਲ ਖਨੌਰੀ, ਜੱਗਾ ਸੰਗਰੂਰ, ਸੁਖਪਾਲ ਸਿੰਘ, ਸੰਜੀਵ ਮਿੰਟੂ, ਕੁਲਵਿੰਦਰ ਬੰਟੀ, ਗੋਗੀ ਕਾਲਾਝਾੜ, ਜਗਤਾਰ ਸਿੰਘ, ਬੰਤ ਭੋੜੇ, ਨਾਰੰਗ ਸਿੰਘ ਭਵਾਨੀਗੜ੍ਹ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।


Related News