35 ਕਿਲੋ ਡੋਡੇ ਤੇ 66 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 4 ਕਾਬੂ

10/17/2017 6:49:05 AM

ਚੱਬੇਵਾਲ, (ਗੁਰਮੀਤ)– ਜ਼ਿਲਾ ਪੁਲਸ ਮੁਖੀ ਦੇ ਦਿਸ਼ਾ- ਨਿਰਦੇਸ਼ਾਂ ਮੁਤਾਬਕ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਮੁਖੀ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ 35 ਕਿਲੋ ਡੋਡੇ ਅਤੇ 66 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਮਨਮੋਹਨ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਚੱਬੇਵਾਲ ਜੇ. ਐੱਨ. ਜੇ. ਪੈਲੇਸ ਨੇੜੇ ਨਾਕਾਬੰਦੀ ਦੌਰਾਨ ਇਕ ਕੈਂਟਰ (ਨੰਬਰ ਐੱਚ ਆਰ 37 ਸੀ –4526) ਨੂੰ ਰੋਕਿਆ, ਜਿਸ ਨੂੰ ਮਨਜਿੰਦਰ ਸਿੰਘ ਉਰਫ ਮਿੰਦੀ ਪੁੱਤਰ ਜੋਗਾ ਸਿੰਘ ਵਾਸੀ ਸਾਰੰਗਵਾਲ ਥਾਣਾ ਚੱਬੇਵਾਲ ਚਲਾ ਰਿਹਾ ਸੀ, ਦੀ ਤਲਾਸ਼ੀ ਲਈ ਤਾਂ 27 ਕਿਲੋ ਡੋਡੇ ਬਰਾਮਦ ਹੋਏ। ਇਸੇ ਤਰ੍ਹਾਂ ਏ. ਐੱਸ. ਆਈ. ਚਤਵਿੰਦਰ ਸਿੰਘ ਨੇ ਗਸ਼ਤ ਦੌਰਾਨ ਭੁਲੇਵਾਲ ਰਾਠਾਂ ਲਿੰਕ ਸੜਕ 'ਤੇ ਜੰਡੋਲੀ ਮੋੜ ਲਾਗੇ ਬੋਰਾ ਲੈ ਕੇ ਪੈਦਲ ਜਾ ਰਹੇ ਵਿਅਕਤੀ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਪਰਮਜੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਝੂੰਗੀਆਂ ਥਾਣਾ ਚੱਬੇਵਾਲ ਕੋਲੋਂ 8 ਕਿਲੋ ਡੋਡੇ ਬਰਾਮਦ ਹੋਏ। ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਕੇ 15-61-85 ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਏ. ਐੱਸ. ਆਈ. ਜੋਗ ਰਾਜ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਟੀ-ਪੁਆਇੰਟ ਬੋਹਣ ਨੇੜੇ ਇਕ ਸਕੂਟਰ (ਨੰਬਰ ਪੀ ਬੀ 07 ਐੱਫ-1408) 'ਤੇ ਜਾ ਰਹੇ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 48 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਉਕਤ ਵਿਅਕਤੀ ਨੇ ਆਪਣੀ ਪਛਾਣ ਜਸਪਾਲ ਸਿੰਘ ਉਰਫ ਲਾਡੀ ਪੁੱਤਰ ਬਲਦੇਵ ਸਿੰਘ ਵਾਸੀ ਪੱਟੀ ਥਾਣਾ ਚੱਬੇਵਾਲ ਵਜੋਂ ਦੱਸੀ। ਇਸੇ ਤਰ੍ਹਾਂ ਏ. ਐੱਸ. ਆਈ. ਸੁਭਾਸ਼ ਚੰਦਰ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਰਛਪਾਲ ਸਿੰਘ ਉਰਫ ਪਾਲਾ ਪੁੱਤਰ ਗੁਰਮੇਲ ਸਿੰਘ ਵਾਸੀ ਕਹਾਰਪੁਰ ਥਾਣਾ ਚੱਬੇਵਾਲ ਨੇੜੇ ਮਹਿਮਦੋਵਾਲ ਕਲਾਂ ਲਿੰਕ ਸੜਕ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਬੋਰੇ ਵਿਚੋਂ 18 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਥਾਣਾ ਚੱਬੇਵਾਲ ਦੀ ਪੁਲਸ ਨੇ ਉਕਤ ਦੋਵੇਂ ਦੋਸ਼ੀਆਂ ਖਿਲਾਫ 61-1-14 ਤਹਿਤ ਮੁਕੱਦਮੇ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੁਸ਼ਿਆਰਪੁਰ, (ਅਸ਼ਵਨੀ)-ਪੁਲਸ ਨੇ ਦੋ ਮਾਮਲਿਆਂ 'ਚ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕਰ ਕੇ ਦੋਸ਼ੀਆਂ ਖਿਲਾਫ਼ ਕੇਸ ਦਰਜ ਕੀਤੇ ਹਨ। ਥਾਣਾ ਸਿਟੀ ਦੀ ਪੁਲਸ ਨੇ ਸੈਸ਼ਨ ਚੌਕ ਹੁਸ਼ਿਆਰਪੁਰ ਕੋਲ ਸੁਭਾਸ਼ ਚੰਦਰ ਪੁੱਤਰ ਦੇਵੀ ਦੱਤਾ ਵਾਸੀ ਪ੍ਰੇਮਗੜ੍ਹ ਦੇ ਕਬਜ਼ੇ ਵਿਚੋਂ ਉਸ ਸਮੇਂ 18 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ, ਜਦੋਂ ਉਹ ਆਪਣੇ ਸਕੂਟਰ 'ਤੇ ਜਾ ਰਿਹਾ ਸੀ। 
ਇਸੇ ਤਰ੍ਹਾਂ ਥਾਣਾ ਮਾਹਿਲਪੁਰ ਦੀ ਪੁਲਸ ਨੇ ਅੱਡਾ ਦੋਹਲਰੋਂ ਦੇ ਕੋਲ ਸੁਰਿੰਦਰ ਕੁਮਾਰ ਪੁੱਤਰ ਦੀਵਾਨ ਚੰਦ ਵਾਸੀ ਵਾਰਡ ਨੰ. 5 ਦੀ ਕਾਰ ਵਿਚੋਂ 36 ਬੋਤਲਾਂ ਅਤੇ 24 ਬੋਤਲਾਂ ਵ੍ਹਿਸਕੀ ਦੀਆਂ ਬਰਾਮਦ ਕੀਤੀਆਂ। ਪੁਲਸ ਨੇ ਦੋਸ਼ੀਆਂ ਖਿਲਾਫ਼ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News