ਜੀਪ ''ਤੇ ਚੜ੍ਹਿਆ ਟਰੱਕ, 4 ਦੀ ਮੌਤ

06/19/2017 2:48:48 AM

ਸ਼ਾਹਕੋਟ/ ਮਲਸੀਆਂ  (ਮਰਵਾਹਾ) - ਅੱਜ ਦੁਪਹਿਰ ਮਲਸੀਆਂ-ਲੋਹੀਆਂ ਸੜਕ 'ਤੇ ਰੂਪੇਵਾਲ ਮੰਡੀ ਨੇੜੇ ਇਕ ਟਰੱਕ ਤੇ ਮਹਿੰਦਰਾ ਯਾਇਲੋ ਜੀਪ ਦੇ ਵਿਚਕਾਰ ਹੋਈ ਸਿੱਧੀ ਟੱਕਰ 'ਚ 2 ਮਾਸੂਮ ਬੱਚਿਆਂ ਸਮੇਤ 4 ਦੀ ਦਰਦਨਾਕ ਮੌਤ ਹੋ ਗਈ, ਜਦਕਿ 9 ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ 2 ਨੂੰ ਨਕੋਦਰ ਤੇ 7 ਨੂੰ ਜਲੰਧਰ ਦੇ ਨਿੱਜੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।  ਜੀਪ 'ਚ ਸਵਾਰ ਯਾਤਰੀ ਨਡਾਲਾ ਤੋਂ ਮੋਗਾ ਵਿਖੇ ਇਕ ਧਾਰਮਿਕ ਸਥਾਨ ਲਈ ਯਾਤਰਾ 'ਤੇ ਜਾ ਰਹੇ ਸਨ। ਹਾਦਸੇ ਵਾਲੀ ਥਾਂ 'ਤੇ ਮੌਜੂਦ ਮਲਸੀਆਂ ਪੁਲਸ ਚੌਕੀ ਇੰਚਾਰਜ ਰਘੂਬੀਰ ਸਿੰਘ ਅਤੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਅੱਡਾ ਰੂਪੇਵਾਲ ਤੋਂ ਰੂਪੇਵਾਲ ਮੰਡੀ ਦੇ ਵਿਚਕਾਰ ਇਕ ਸਪੀਡ ਬਰੇਕਰ 'ਤੇ ਇਕ ਟਰੱਕ ਅਤੇ ਮਹਿੰਦਰਾ ਯਾਇਲੋ ਜੀਪ ਦੀ ਸਿੱਧੀ ਟੱਕਰ ਹੋ ਗਈ। ਹਾਦਸੇ 'ਚ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਸੜਕ ਹਾਦਸੇ 'ਚ 2 ਮਾਸੂਮ ਬੱਚਿਆਂ ਸਮੇਤ 4 ਦੀ ਦਰਦਨਾਕ ਮੌਤ ਹੋ ਗਈ।  
ਮਿਤ੍ਰਕਾਂ 'ਚ ਜੀਪ ਚਾਲਕ ਰਣਜੀਤ ਸਿੰਘ (55), ਪਰਮਿੰਦਰ ਕੌਰ (54), ਸੁਖਦੀਪ ਸਿੰਘ (ਸਾਢੇ 3 ਸਾਲ), ਜਪਜੀਤ ਸਿੰਘ (11 ਮਹੀਨੇ) ਸ਼ਾਮਿਲ ਹਨ, ਜਦਕਿ ਜੋ 9 ਲੋਕ ਜ਼ਖਮੀ ਹੋ ਗਏ, ਉਨ੍ਹਾਂ 'ਚ ਹਰਪ੍ਰੀਤ ਸਿੰਘ (29), ਮਨਜੋਤ ਸਿੰਘ (ਢਾਈ ਸਾਲ) ਦੋਵੇਂ ਨਕੋਦਰ ਦੇ ਨਿੱਜੀ ਹਸਪਤਾਲਾਂ 'ਚ ਦਾਖਲ ਹਨ। ਇਸ ਤੋਂ ਇਲਾਵਾ ਸੁਖਵੰਤ ਕੌਰ (28), ਬਲਜੀਤ ਕੌਰ (26), ਗੁਰਬਚਨ ਕੌਰ (50), ਕਰਮਜੀਤ ਸਿੰਘ (21), ਗੁਰਲੀਨ ਸਿੰਘ (19), ਗੁਰਿੰਦਰ ਸਿੰਘ (23) ਅਤੇ ਜਤਿੰਦਰਜੀਤ ਸਿੰਘ ਉਰਫ ਲਵਲੀ ਸ਼ਾਮਿਲ ਹਨ, ਜਿਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਇਹ ਸਾਰੇ ਲੋਕ ਪਿੰਡ ਨੰਗਲ ਲੁਬਾਣਾ ਥਾਣਾ ਨਡਾਲਾ ਜ਼ਿਲਾ ਕਪੂਰਥਲਾ ਦੇ ਰਹਿਣ ਵਾਲੇ ਹਨ।  ਦੇਰ ਸ਼ਾਮ ਐੱਸ. ਐੱਚ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨ 'ਤੇ ਪੁਲਸ ਨੇ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।


Related News