4 ਕਰੋੜ ਦੀ ਹੈਰੋਇਨ ਸਮੇਤ ਇਕੋ ਪਰਿਵਾਰ ਦੇ 3 ਮੈਂਬਰ ਗ੍ਰਿਫਤਾਰ

10/22/2017 2:19:25 AM

ਤਰਨਤਾਰਨ,(ਰਾਜੂ)—ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ 4 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੋਹਲਾ ਸਾਹਿਬ ਦੇ ਐੱਸ. ਐੱਚ. ਓ. ਸੁਖਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਅੱਡਾ ਬ੍ਰਹਮਪੁਰਾ 'ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਖਬਰ ਖਾਸ ਦੀ ਇਤਲਾਹ 'ਤੇ ਮੋਟਰਸਾਈਕਲ 'ਤੇ ਆਉਂਦੇ ਤਿੰਨ ਸਵਾਰਾਂ ਨੂੰ ਰੋਕਿਆ ਗਿਆ, ਜਿਨ੍ਹਾਂ 'ਚ ਇਕ ਲੜਕੀ ਅਨਮੋਲਪ੍ਰੀਤ ਕੌਰ ਤੇ ਲੜਕਾ ਸਾਹਿਬਪ੍ਰੀਤ ਸਿੰਘ ਮੋਟਰਸਾਈਕਲ 'ਤੇ ਦੌੜਨ ਵਿਚ ਕਾਮਯਾਬ ਹੋ ਗਏ, ਜਦਕਿ ਇਸ ਹਫੜਾ-ਦਫੜੀ 'ਚ ਉਨ੍ਹਾਂ ਦੀ ਮਾਤਾ ਮੋਟਰਸਾਈਕਲ ਤੋਂ ਡਿੱਗ ਪਈ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ। ਔਰਤ ਨੇ ਆਪਣੀ ਪਛਾਣ ਪਰਮਜੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਚੰਗਾਵਾਂ ਹਾਲ ਪ੍ਰੀਤ ਨਗਰ ਅੰਮ੍ਰਿਤਸਰ ਵਜੋਂ ਦੱਸੀ। ਮੌਕੇ 'ਤੇ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਸਤਪਾਲ ਸਿੰਘ ਦੇ ਬੁਲਾਉਣ 'ਤੇ ਲੇਡੀ ਕਾਂਸਟੇਬਲ ਨੇ ਤਲਾਸ਼ੀ ਲਈ ਤਾਂ ਉਸ ਕੋਲੋਂ 275 ਗ੍ਰਾਮ ਹੈਰੋਇਨ ਬਰਾਮਦ ਹੋਈ। ਤੁਰੰਤ ਕਾਰਵਾਈ ਕਰਦੇ ਹੋਏ ਫਰਾਰ ਹੋਈ ਪਰਮਜੀਤ ਕੌਰ ਦੀ ਲੜਕੀ ਅਨਮੋਲਪ੍ਰੀਤ ਕੌਰ ਨੂੰ ਥਾਣਾ ਗੋਇੰਦਵਾਲ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਨਾਕਾਬੰਦੀ ਦੌਰਾਨ 270 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ। ਇਸੇ ਤਰ੍ਹਾਂ ਉਸਦੇ ਫਰਾਰ ਹੋਏ ਲੜਕੇ ਸਾਹਿਬਪ੍ਰੀਤ ਸਿੰਘ ਨੂੰ ਥਾਣਾ ਸਦਰ ਦੇ ਮੁੱਖ ਅਫਸਰ ਇੰਸਪੈਕਟਰ ਕਮਲਜੀਤ ਸਿੰਘ ਨੇ ਸਾਹਿਬਪ੍ਰੀਤ ਸਿੰਘ ਨੂੰ ਨਾਕਾਬੰਦੀ ਦੌਰਾਨ 285 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ। ਤਿੰਨਾਂ ਨੂੰ ਵੱਖ-ਵੱਖ ਅਦਾਲਤਾਂ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ।


Related News