ਨਸ਼ੀਲੇ ਪਦਾਰਥਾਂ ਸਮੇਤ 4 ਗ੍ਰਿਫਤਾਰ

10/18/2017 6:54:38 AM

ਤਰਨਤਾਰਨ,   (ਰਾਜੂ)-  ਪੁਲਸ ਨੇ ਵੱਖ-ਵੱਖ ਖੇਤਰਾਂ 'ਚ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਚੋਹਲਾ ਸਾਹਿਬ ਦੇ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਹਰਪਾਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਘੜਕਾ ਥਾਣਾ ਚੋਹਲਾ ਸਾਹਿਬ ਤੋਂ 1500 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਮੁਕਦਮਾ ਦਰਜ ਕੀਤਾ ਹੈ। ਥਾਣਾ ਭਿੱਖੀਵਿੰਡ ਦੇ ਐੱਚ. ਸੀ. ਕਰਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਦੌਰਾਨੇ ਗਸ਼ਤ ਪਿੰਡ ਪਹੂਲਾ ਨੂੰ ਜਾ ਰਹੇ ਸੀ ਕਿ ਜਦ ਉਹ ਪਿੰਡ ਪਹੂਵਿੰਡ ਮੌਜੂਦ ਸੀ ਤਾਂ ਗੁਰਵੇਲ ਸਿੰਘ ਉਰਫ ਗੋਲਾ ਪੁੱਤਰ ਬਰਕਤ ਸਿੰਘ ਵਾਸੀ ਭਲਵਾਨਕੇ ਕੋਲੋਂ 30,000 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ।
 ਇਸੇ ਤਰ੍ਹਾਂ ਥਾਣਾ ਸਦਰ ਪੱਟੀ ਦੇ ਏ. ਐੱਸ. ਆਈ. ਦਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਬੱਸ ਅੱਡਾ ਕੈਰੋ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਣਧੀਰ ਸਿੰਘ ਉਰਫ ਸੋਨੀ ਪੁੱਤਰ ਸੁਰਜੀਤ ਸਿੰਘ ਵਾਸੀ ਕੈਰੋ ਨਾਜਾਇਜ਼ ਸ਼ਰਾਬ ਵੇਚਣ ਤੇ ਕੱਢਣ ਦਾ ਧੰਦਾ ਕਰਦਾ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਸ਼ਰਾਬ, ਲਾਹਣ ਜਾਂ ਚਾਲੂ ਭੱਠੀ ਬਰਾਮਦ ਹੋ ਸਕਦੀ ਹੈ। ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਨੇ ਦੋਸ਼ੀ ਦੇ ਘਰ ਰੇਡ ਮਾਰੀ ਤੇ ਉਕਤ ਦੋਸ਼ੀ ਨੂੰ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਗ੍ਰਿਫਤਾਰ ਕਰ ਲਿਆ।
 ਉਧਰ, ਥਾਣਾ ਸਦਰ ਦੇ ਏ. ਐੱਸ. ਆਈ. ਦਲੀਪ ਕੁਮਾਰ ਨੇ ਪਿੰਡ ਕੁਹਾੜਕਾ ਦੇ ਸਾਹਿਬ ਸਿੰਘ ਪੁੱਤਰ ਬਲਬੀਰ ਸਿੰਘ ਨੂੰ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲੇ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News