30 ਹਜ਼ਾਰ ਰਿਸ਼ਵਤ ਲੈਂਦਾ ਜੇ. ਡੀ. ਏ. ਦਾ ਐੱਸ. ਡੀ. ਓ. ਰੰਗੇ ਹੱਥੀਂ ਕਾਬੂ

01/17/2018 7:58:17 AM

ਜਲੰਧਰ, (ਬੁਲੰਦ)- ਵਿਜੀਲੈਂਸ ਵਿਭਾਗ ਨੇ ਰਿਸ਼ਵਤ ਦੇ ਖਿਲਾਫ ਚਲਾਈ ਮੁਹਿੰਮ ਵਿਚ ਅੱਜ ਇਕ ਹੋਰ ਸਫਲਤਾ ਹਾਸਲ ਕੀਤੀ ਹੈ। ਅੱਜ ਪਹਿਲੀ ਵਾਰ ਜਲੰਧਰ ਡਿਵੈੱਲਪਮੈਂਟ ਅਥਾਰਟੀ ਦਾ ਇਕ ਅਧਿਕਾਰੀ ਵਿਜੀਲੈਂਸ ਦੇ ਹੱਥੇ ਚੜ੍ਹਿਆ ਹੈ। ਵਿਜੀਲੈਂਸ ਨੇ ਚਹੇੜੂ ਕੋਲ ਇਕ ਨਾਜਾਇਜ਼ ਬਣ ਰਹੇ ਪੀ. ਜੀ. ਦੇ ਮਾਲਕ ਕੋਲੋਂ ਉਸ ਦਾ ਨੋਟਿਸ ਫਾਈਲ ਕਰਨ ਦੇ ਨਾਂ 'ਤੇ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਜਲੰਧਰ ਡਿਵੈੱਲਪਮੈਂਟ ਅਥਾਰਟੀ ਦੇ ਐੱਸ. ਡੀ. ਓ. (ਈ.) ਅਸ਼ੋਕ ਕੁਮਾਰ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। 
ਕਿਸ ਗੱਲ ਲਈ ਮੰਗੀ ਸੀ ਰਿਸ਼ਵਤ
ਅਸਲ 'ਚ ਲੰਮੇ ਸਮੇਂ ਤੋਂ ਪੁੱਡਾ ਤੇ ਜੇ. ਡੀ. ਏ. ਵਿਚ ਵੱਡੇ ਅਧਿਕਾਰੀਆਂ ਦੀ ਨੱਕ ਹੇਠ ਵਿਭਾਗੀ ਕਰਮਚਾਰੀ ਅਜਿਹਾ ਗੋਰਖ ਧੰਦਾ ਚਲਾ ਰਹੇ ਹਨ, ਜਿਸ ਨਾਲ ਵਿਭਾਗ ਨੂੰ ਮਿਲਣ ਵਾਲਾ ਕਰੋੜਾਂ ਰੁਪਏ ਦਾ ਰੈਵੇਨਿਊ ਸਿੱਧਾ ਕਰਮਚਾਰੀਆਂ ਦੀ ਜੇਬਾਂ ਵਿਚ ਜਾ ਰਿਹਾ ਹੈ। ਚਹੇੜੂ ਤੇ ਇਸ ਦੇ ਨੇੜੇ-ਤੇੜੇ ਦੇ ਪਿੰਡਾਂ ਵਿਚ ਸੈਂਕੜੇ ਨਾਜਾਇਜ਼ ਪੀ. ਜੀ. ਇਸ ਚੱਕਰ 'ਚ ਬਣ ਚੁੱਕੇ ਹਨ। ਜਿਸ ਦੇ ਲਈ ਸਰਕਾਰ ਦੇ ਰੈਵੇਨਿਊ ਨੂੰ ਜੇ. ਡੀ. ਏ. ਅਤੇ ਪੁੱਡਾ ਦੇ ਮੁਲਾਜ਼ਮ ਰਿਸ਼ਵਤ ਵਜੋਂ ਡਕਾਰ ਗਏ।  ਨਿਯਮਾਂ ਮੁਤਾਬਕ ਪੀ. ਜੀ. ਕਮਰਸ਼ੀਅਲ ਪ੍ਰਾਪਰਟੀ ਵਿਚ ਆਉਂਦਾ ਹੈ।
ਇਸ ਲਈ ਪੁੱਡਾ ਕੋਲੋਂ ਚੇਂਜ ਆਫ ਲੈਂਡ ਯੂਜ਼ ਕਰਵਾਉਣਾ ਜ਼ਰੂਰੀ ਹੈ ਪਰ ਵਿਭਾਗੀ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਚਹੇੜੂ ਤੇ ਨਾਲ ਲੱਗਦੇ ਇਲਾਕਿਆਂ 'ਚ ਕਈ ਪੀ. ਜੀ. ਬਣ ਚੁੱਕੇ ਹਨ, ਜਿਨ੍ਹਾਂ ਨੇ ਸੀ. ਐੱਸ. ਯੂ ਨਹੀਂ ਕਰਵਾਇਆ। ਇਸ ਦੇ ਬਦਲੇ ਵਿਚ ਮੁਲਾਜ਼ਮਾਂ ਨੇ ਕਰੋੜਾਂ ਰੁਪਏ ਰਿਸ਼ਵਤ ਲੈ ਕੇ ਇਨ੍ਹਾਂ ਪੀ. ਜੀਜ਼ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। 
PunjabKesari
ਮੰਗਲਵਾਰ ਵੀ ਇਕ ਨਾਜਾਇਜ਼ ਪੀ. ਜੀ. ਲਈ ਅਸ਼ੋਕ ਕੁਮਾਰ ਐੱਸ. ਡੀ. ਓ. ਰਿਸ਼ਵਤ ਲੈਣ ਲਈ ਪੀ. ਜੀ. ਦੇ ਮਾਲਕ ਬਿਸ਼ਨ ਪਾਲ ਕੋਲ ਗਿਆ ਸੀ। ਪੀ. ਜੀ. ਦੇ ਮਾਲਕ ਨੂੰ ਇਸ ਗੈਰ-ਕਾਨੂੰਨੀ ਪੀ. ਜੀ. ਲਈ ਜੇ. ਡੀ. ਏ. ਨੇ ਨੋਟਿਸ ਜਾਰੀ ਕੀਤਾ ਹੋਇਆ ਸੀ। ਇਸ ਨੋਟਿਸ ਨੂੰ ਫਾਈਲ ਕਰਨ ਦੇ ਨਾਂ 'ਤੇ ਐੱਸ. ਡੀ. ਓ. ਅਸ਼ੋਕ ਕੁਮਾਰ ਨੇ 50 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ ਪਰ ਸਮਝੌਤਾ 30 ਹਜ਼ਾਰ ਵਿਚ ਹੋ ਗਿਆ।  ਇਸ ਸਬੰੰਧੀ ਬਿਸ਼ਨ ਪਾਲ ਨੇ ਵਿਜੀਲੈਂਸ ਨੂੰ ਸੂਚਨਾ ਦਿੱਤੀ ਅਤੇ ਮੰਗਲਵਾਰ ਜਦੋਂ ਅਸ਼ੋਕ ਕੁਮਾਰ 30 ਹਜ਼ਾਰ ਰੁਪਏ ਲੈਣ ਲਈ ਬਿਸ਼ਨ ਪਾਲ ਦੇ ਚਹੇੜੂ ਦਫਤਰ ਵਿਖੇ ਪੁੱਜਾ ਤਾਂ ਵਿਜੀਲੈਂਸ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਉਸ ਨੂੰ ਬੁੱਧਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। 
ਪੁੱਡਾ ਦਾ ਦਫਤਰ ਹੋਇਆ ਖਾਲੀ, ਮੁਲਾਜ਼ਮਾਂ ਦੇ ਫੋਨ ਹੋਏ ਸਵਿੱਚ ਆਫ
ਵਿਜੀਲੈਂਸ ਟੀਮ ਨੇ ਅਸ਼ੋਕ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਵੇਂ ਹੀ ਪੁੱਡਾ ਦਫਤਰ ਵਿਚ ਉਸ ਦੇ ਕਮਰੇ ਦੀ ਜਾਂਚ ਲਈ ਵਿਭਾਗ ਵਿਚ ਐਂਟਰੀ ਕੀਤੀ ਤਾਂ ਦਫਤਰ ਦੇ ਸਾਰੇ ਕਰਮਚਾਰੀ ਦਫਤਰ ਛੱਡ ਕੇ ਭੱਜ ਗਏ ਤੇ ਕਈਆਂ ਨੇ ਤਾਂ ਆਪਣੇ ਫੋਨ ਤੱਕ ਬੰਦ ਕਰ ਲਏ। ਵਿਭਾਗੀ ਕਰਮਚਾਰੀਆਂ ਨੂੰ ਇਹ ਲੱਗਾ ਕਿ ਜਿਵੇਂ ਪੁੱਡਾ ਦਫਤਰ ਵਿਚ ਹੀ ਵਿਜੀਲੈਂਸ ਨੇ ਰੇਡ ਕਰ ਦਿੱਤੀ ਹੈ। ਸਭ ਦਫਤਰ ਛੱਡ ਕੇ ਭੱਜਦੇ ਦਿਸੇ। ਜਦੋਂ ਇਹ ਗੱਲ ਸਾਹਮਣੇ ਆਈ ਕਿ ਵਿਭਾਗ ਦਾ ਇਕ ਐੱਸ. ਡੀ. ਏ. ਵਿਜੀਲੈਂਸ ਦੇ ਹੱਥੇ ਚੜ੍ਹਿਆ ਹੈ ਤਾਂ ਸਾਰਿਆਂ ਦੇ ਸਾਹ ਵਿਚ ਸਾਹ ਆਇਆ। ਵਿਜੀਲੈਂਸ ਟੀਮ ਦੇ ਦਫਤਰ ਤੋਂ ਜਾਣ ਤੋਂ ਬਾਅਦ ਹੀ ਸਾਰੇ ਕਰਮਚਾਰੀ ਦਫਤਰ ਪੁੱਜੇ। 
ਕਈ ਘੰਟੇ ਐੱਸ. ਡੀ. ਓ. ਅਸ਼ੋਕ ਕੁਮਾਰ ਦੇ ਦਫਤਰ ਤੇ ਘਰ ਵਿਚ ਚਲਦੀ ਰਹੀ ਚੈਕਿੰਗ
ਵਿਜੀਲੈਂਸ ਨੇ ਜਿਵੇਂ ਹੀ ਅਸ਼ੋਕ ਨੂੰ ਚਹੇੜੂ ਤੋਂ ਗ੍ਰਿਫਤਾਰ ਕੀਤਾ ਤਾਂ ਨਾਲ ਹੀ ਦੋ ਵੱਖ-ਵੱਖ ਟੀਮਾਂ ਨੇ ਅਸ਼ੋਕ ਦੇ ਦਫਤਰ ਅਤੇ ਘਰ ਵਿਚ ਵੀ ਛਾਪੇ ਮਾਰੇ। ਵਿਜੀਲੈਂਸ ਦੇ ਇਕ ਦਰਜਨ ਤੋਂ ਵੱਧ ਮੁਲਾਜ਼ਮ ਡੀ. ਐੱਸ. ਪੀ. ਸਤਪਾਲ ਦੀ ਅਗਵਾਈ ਹੇਠ ਪੁੱਡਾ ਸਥਿਤ ਅਸ਼ੋਕ ਦੇ ਦਫਤਰ ਵਿਖੇ ਪੁੱਜੇ ਅਤੇ ਉਸ ਦੀਆਂ ਅਲਮਾਰੀਆਂ ਤੇ ਫਾਈਲਾਂ ਦੀ ਜਾਂਚ ਕੀਤੀ ਤੇ ਨਾਲ ਹੀ ਇਕ ਟੀਮ ਡੀ. ਐੱਸ. ਪੀ. ਵਿਜੀਲੈਂਸ ਕਪੂਰਥਲਾ ਕਰਮਬੀਰ ਸਿੰਘ ਦੀ ਅਗਵਾਈ 'ਚ ਅਸ਼ੋਕ ਦੇ ਅਲਾਵਲਪੁਰ ਪਿੰਡ ਸਥਿਤ ਘਰ ਵਿਚ ਛਾਪਾ ਮਾਰਨ ਪੁੱਜੀ ਤਾਂ ਉੇੱਥੇ ਵੀ ਕਾਫੀ ਸਮੇਂ ਤੱਕ ਚੈਕਿੰਗ ਚਲਦੀ ਰਹੀ। ਅਸ਼ੋਕ ਦੇ ਦਫਤਰ ਵਿਚੋਂ ਵਿਜੀਲੈਂਸ ਦੀ ਟੀਮ ਨੇ ਕਈ ਫਾਈਲਾਂ ਅਤੇ ਇਕ ਲੈਪਟਾਪ ਨੂੰ ਕਬਜ਼ੇ ਵਿਚ ਲਿਆ ਹੈ। ਦੇਰ ਸ਼ਾਮ ਅਸ਼ੋਕ ਨੂੰ ਵਿਜੀਲੈਂਸ ਦੇ ਐੱਸ. ਐੱਸ. ਪੀ. ਦਲਜਿੰਦਰ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ। 


Related News