ਜਾਅਲੀ ਇਕਰਾਰਨਾਮੇ ਤੇ ਦੂਸਰੇ ਦੀ ਜ਼ਮੀਨ ਦਿਖਾ ਕੇ ਠੱਗੇ 30 ਲੱਖ

12/12/2017 1:57:44 AM

ਨਵਾਂਸ਼ਹਿਰ, (ਮਨੋਰੰਜਨ, ਤ੍ਰਿਪਾਠੀ)- ਥਾਣਾ ਬਲਾਚੌਰ ਪੁਲਸ ਨੇ ਜਾਅਲੀ ਇਕਰਾਰਨਾਮੇ ਹੇਠ ਸਸਤੀ ਜ਼ਮੀਨ ਵੇਚਣ ਦਾ ਝਾਂਸਾ ਦੇ ਕੇ 30 ਲੱਖ ਰੁਪਏ ਠੱਗਣ ਦੇ ਦੋਸ਼ 'ਚ ਚਾਰ ਲੋਕਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਨਵਾਂਸ਼ਹਿਰ ਦੇ ਤਿਲਕ ਰਾਜ ਨੇ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਕਿ 7 ਅਗਸਤ 2013 ਨੂੰ ਉਸ ਨਾਲ ਬਲਾਚੌਰ ਦੇ ਕੁਝ ਲੋਕਾਂ ਨੇ ਆਪਣੀ ਜ਼ਮੀਨ ਦੀ ਮਾਲਕੀ ਦੱਸਦੇ ਹੋਏ 62 ਏਕੜ ਜ਼ਮੀਨ ਦਾ ਸਾਢੇ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸੌਦਾ ਕੀਤਾ। ਜਿਸ ਦੀ ਰਜਿਸਟਰੀ 25/8/14 ਨੂੰ ਤੈਅ ਕੀਤੀ ਗਈ। ਜਿਸ ਦੇ ਲਈ ਉਸ ਨੇ ਇਕ ਇਕਰਾਰਨਾਮਾ ਲਿਖਦੇ ਹੋਏ ਉਨ੍ਹਾਂ ਨੂੰ 5 ਲੱਖ ਰੁਪਏ ਕੈਸ਼ ਅਤੇ 55 ਲੱਖ ਰੁਪਏ ਦਾ ਚੈੱਕ ਦੇ ਕੇ ਬਿਆਨਾ ਦਿੱਤਾ। ਉਪਰੰਤ ਜਦੋਂ ਉਹ ਰਜਿਸਟਰੀ ਕਰਵਾਉਣ ਦੇ ਲਈ ਜ਼ਮੀਨ ਦੀ ਪੈਮਾਇਸ਼ ਦੀ ਗੱਲ ਕਰਦਾ ਤਾਂ ਉਹ ਹਰ ਵਾਰ ਉਸ ਨੂੰ ਟਾਲ-ਮਟੋਲ ਕਰਦੇ ਹੋਏ ਟਾਲ ਦਿੰਦੇ ਜਾਂ ਸਮਾਂ ਦੇ ਦਿੰਦੇ। 
ਜਦੋਂ ਉਸ ਨੇ ਇਸ ਸਬੰਧ 'ਚ ਕਾਗਜ਼ਾਤ ਦੇਖੇ ਤਾਂ ਪਤਾ ਲੱਗਿਆ ਕਿ ਉਕਤ ਜ਼ਮੀਨ ਕਿਸੇ ਹੋਰ ਦੇ ਨਾਂ 'ਤੇ ਹੈ। ਜਿਸ ਦੇ ਬਾਅਦ ਦੋਸ਼ੀਆਂ ਨੇ ਉਨ੍ਹਾਂ ਨੂੰ 30 ਲੱਖ ਰੁਪਏ ਤਾਂ ਵਾਪਸ ਕਰ ਦਿੱਤੇ ਪਰ ਬਾਕੀ ਦੇ 30 ਲੱਖ ਰੁਪਏ ਨਹੀਂ ਦਿੱਤੇ। ਪੁਲਸ ਨੇ ਤਿਲਕ ਰਾਜ ਦੇ ਬਿਆਨਾਂ 'ਤੇ ਪਰਮਿੰਦਰ, ਰਮਨਦੀਪ, ਰਣਦੀਪ ਤੇ ਜੋਗਾ ਸਿੰਘ ਦੇ ਖਿਲਾਫ ਧੋਖਾਦੇਹੀ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News