ਬੱਸ ਸਟੈਂਡ, ਰਾਮਾ ਮੰਡੀ ਤੇ ਬਸ਼ੀਰਪੁਰਾ ਤੋਂ ਚੋਰੀ ਹੋਏ 3 ਮੋਟਰਸਾਈਕਲ ਤੇ ਇਕ ਐਕਟਿਵਾ ਬਰਾਮਦ

11/19/2017 7:11:02 AM

ਜਲੰਧਰ, (ਮਹੇਸ਼)— ਬੱਸ ਸਟੈਂਡ ਜਲੰਧਰ, ਰਾਮਾ ਮੰਡੀ ਤੇ ਬਸ਼ੀਰਪੁਰਾ ਇਲਾਕੇ ਵਿਚੋਂ ਚੋਰੀ ਹੋਏ 3 ਮੋਟਰਸਾਈਕਲ ਤੇ ਇਕ ਐਕਟਿਵਾ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਬਰਾਮਦ ਕਰਦੇ ਹੋਏ ਥਾਣਾ ਸਦਰ ਲੁਧਿਆਣਾ ਦੇ ਅਧੀਨ ਪੈਂਦੇ ਪਿੰਡ ਦਾਦ ਦੇ ਵਾਸੀ ਸੰਦੀਪ ਕੁਮਾਰ ਉਰਫ ਸੰਦੀਪ ਪੁੱਤਰ ਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸਦਾ ਸਾਥੀ ਬਲਵਿੰਦਰ ਉਰਫ ਵਿੱਕੀ ਪੁੱਤਰ ਗੁਰਚਰਨ ਸਿੰਘ ਵਾਸੀ ਜੋਗਿੰਦਰ ਨਗਰ, ਰਾਮਾ ਮੰਡੀ (ਜਲੰਧਰ) ਫਰਾਰ ਹਨ, ਜਿਨ੍ਹਾਂ ਦੀ ਤਲਾਸ਼ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ।
ਉਕਤ ਜਾਣਕਾਰੀ ਏ. ਸੀ. ਪੀ. ਸੈਂਟਰਲ ਸਤਿੰਦਰ ਕੁਮਾਰ ਚੱਢਾ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਠਾਕੁਰ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਦੋਸ਼ੀ ਸੰਦੀਪ ਕੁਮਾਰ ਨੂੰ ਕਾਬੂ ਕਰ ਕੇ ਉਸਦੇ ਕਬਜ਼ੇ 'ਚੋਂ ਚੋਰੀ ਦੇ ਵਾਹਨ ਬਰਾਮਦ ਕੀਤੇ ਹਨ। ਏ. ਸੀ. ਪੀ. ਚੱਢਾ ਦੇ ਅਨੁਸਾਰ ਸੰਦੀਪ ਨੇ ਦੱਸਿਆ ਕਿ ਉਸਨੇ ਵਿੱਕੀ ਨਾਲ ਮਿਲ ਕੇ ਇਹ ਵਾਹਨ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸਨ ਜੋ ਕਿ ਪੁਰਾਣੀ ਰੇਲਵੇ ਕਾਲੋਨੀ ਦੇ ਨੇੜੇ ਲੁਕੋ ਕੇ ਰੱਖੇ ਹੋਏ ਸੀ ਅਤੇ ਅੱਗੇ ਵੇਚਣ ਲਈ ਗਾਹਕਾਂ ਦੀ ਤਲਾਸ਼ ਵਿਚ ਸੀ। ਦੋਵਾਂ ਦੇ ਖਿਲਾਫ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕੀਤਾ ਗਿਆ। ਦੋਸ਼ੀ ਸੰਦੀਪ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਫਰਾਰ ਦੋਸ਼ੀ ਵਿੱਕੀ ਤੋਂ ਵੀ ਪੁਲਸ ਨੂੰ ਰਿਕਵਰੀ ਹੋਣ ਦੀ ਉਮੀਦ ਹੈ।


Related News