3 ਘਰਾਂ ''ਚ ਚੋਰੀ; ਸੋਨੇ ਦੇ ਗਹਿਣੇ, ਨਕਦੀ ਤੇ ਮੋਬਾਇਲ ਲੈ ਗਏ

Friday, October 13, 2017 6:15 AM
3 ਘਰਾਂ ''ਚ ਚੋਰੀ; ਸੋਨੇ ਦੇ ਗਹਿਣੇ, ਨਕਦੀ ਤੇ ਮੋਬਾਇਲ ਲੈ ਗਏ

ਟਾਂਡਾ ਉੜਮੁੜ, (ਕੁਲਦੀਸ਼, ਮੋਮੀ, ਸ਼ਰਮਾ)- ਆਪਣੀ ਬੇਟੀ ਦਾ ਵਿਆਹ ਕਰ ਕੇ ਵਾਪਸ ਆਏ ਇਕ ਵਿਅਕਤੀ ਦੇ ਘਰ 'ਚੋਂ ਚੋਰਾਂ ਨੇ ਸੋਨੇ ਦੇ ਗਹਿਣੇ ਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਸਬੰਧੀ ਸੁਰਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਮੈਂਬਰ ਪੰਚਾਇਤ ਪਿੰਡ ਖੁਣਖੁਣ ਕਲਾਂ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਲੜਕੀ ਦਾ ਵਿਆਹ ਕਰ ਕੇ ਘਰ ਆਏ ਸੀ ਕਿ ਰਾਤ ਸਮੇਂ ਚੋਰਾਂ ਨੇ ਉਨ੍ਹਾਂ ਦੇ ਘਰ ਰੱਖਿਆ 5 ਤੋਲੇ ਸੋਨਾ ਤੇ 50 ਹਜ਼ਾਰ ਰੁਪਏ ਦੀ ਨਕਦੀ, ਤਿੰਨ ਮੋਬਾਇਲ ਤੇ ਕੁਝ ਜ਼ਰੂਰੀ ਕਾਗਜ਼ਾਤ ਜੋ ਕਿ ਇਕ ਅਟੈਚੀ 'ਚ ਸਨ, ਲੈ ਕੇ ਫ਼ਰਾਰ ਹੋ ਗਏ। 
ਚੋਰੀ ਕੀਤਾ ਅਟੈਚੀ ਚੋਰ ਘਰ ਦੇ ਪਿੱਛੇ ਖਾਲੀ ਕਰ ਕੇ ਸੁੱਟ ਗਏ। ਚੋਰੀ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਹਰਿਆਣਾ, (ਰੱਤੀ, ਆਨੰਦ, ਨਲੋਆ)-ਅੱਜ ਦਿਨ ਦਿਹਾੜੇ ਪਿੰਡ ਕੋਠੇ ਮੁਕੱਦਮਾ ਵਿਖੇ ਇਕ ਘਰ 'ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਦਿੰਦਿਆਂ ਪ੍ਰਦੀਪ ਕੁਮਾਰ ਪੁੱਤਰ ਰੇਸ਼ਮ ਲਾਲ ਵਾਸੀ ਕੋਠੇ ਮੁਕੱਦਮਾ ਨੇ ਦੱਸਿਆ ਕਿ ਉਹ ਅੱਜ 10.30 ਵਜੇ ਸਵੇਰੇ ਆਪਣੀ ਮਾਤਾ ਨਰਿੰਦਰ ਕੌਰ ਦੀ ਦਵਾਈ ਲੈਣ ਹੁਸ਼ਿਆਰਪੁਰ ਗਏ ਤੇ ਜਦੋਂ 1.30 ਵਜੇ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਪਏ ਸਨ ਤੇ ਅੰਦਰ ਫਰੋਲਾ-ਫਰਾਲੀ ਕੀਤੀ ਹੋਈ ਸੀ। ਘਰ 'ਚ ਪਈ 20-25 ਹਜ਼ਾਰ ਰੁਪਏ ਦੀ ਨਕਦੀ ਤੇ ਢਾਈ ਤੋਲੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਸਨ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਕੋਟ ਫਤੂਹੀ, (ਬਹਾਦਰ ਖਾਨ)-ਪਿੰਡ ਜਾਂਗਣੀਵਾਲ 'ਚ ਅੱਜ ਇਕ ਘਰ 'ਚੋਂ ਚੋਰਾਂ ਵੱਲੋਂ ਨਕਦੀ ਚੋਰੀ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਬੀ ਕੁਲਦੀਪ ਕੌਰ ਨੇ ਦੱਸਿਆ ਕਿ ਉਹ 11 ਕੁ ਵਜੇ ਪਿੰਡ 'ਚ ਕਿਸੇ ਦੇ ਘਰ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਗਈ ਸੀ ਅਤੇ 2 ਕੁ ਵਜੇ ਘਰ ਵਾਪਸ ਆ ਗਈ। ਉਸ ਨੇ ਦੱਸਿਆ ਕਿ ਚੋਰਾਂ ਨੇ ਘਰ ਦੇ ਅੰਦਰ ਦੀ ਮੇਨ ਗਰਿੱਲ ਦਾ ਜਿੰਦਰਾ ਤੋੜ ਕੇ ਕਮਰਿਆਂ 'ਚ ਅਲਮਾਰੀ, ਪੇਟੀ, ਬੈੱਡ, ਟਰੰਕ ਆਦਿ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ। 
ਉਸ ਨੇ ਦੱਸਿਆ ਕਿ ਚੋਰ ਘਰ 'ਚੋਂ 10 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ ਹਨ ਪਰ ਉਸ ਦੇ ਗਹਿਣਿਆਂ ਦਾ ਬਚਾਅ ਹੋ ਗਿਆ। ਇਸ ਚੋਰੀ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।