ਗੋਦਾਮ ''ਚੋਂ 27 ਲੱਖ ਦੇ ਬੈਟਰੇ ਚੋਰੀ

06/26/2017 12:44:34 AM

ਬਰਨਾਲਾ,   (ਵਿਵੇਕ ਸਿੰਧਵਾਨੀ, ਰਵੀ)-  ਸ਼ਹਿਰ 'ਚ ਚੋਰਾਂ ਅਤੇ ਲੁਟੇਰਿਆਂ ਨੇ ਪਿਛਲੇ 6 ਮਹੀਨਿਆਂ ਤੋਂ ਦਹਿਸ਼ਤ ਮਚਾਈ ਹੋਈ ਹੈ। ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਅਤੇ ਲੁਟੇਰਿਆਂ ਦੀ ਮੰਨੋ ਲਾਟਰੀ ਹੀ ਲੱਗੀ ਹੋਈ ਹੈ। ਬੀਤੇ ਦਿਨੀਂ 3 ਚੋਰੀਆਂ ਦੀ ਖ਼ਬਰ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਅੱਜ ਚੋਰਾਂ ਨੇ ਬੈਟਰੀਆਂ ਦੇ ਗੋਦਾਮ 'ਚੋਂ 27 ਲੱਖ ਰੁਪਏ ਦੇ ਬੈਟਰੇ ਚੋਰੀ ਕਰ ਲਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੂਜੀ ਘਟਨਾ 'ਚ 2 ਲੁਟੇਰੇ 2 ਮਹਿਲਾ ਪੁਲਸ ਕਾਂਸਟੇਬਲਾਂ ਤੋਂ ਪਰਸ ਝਪਟ ਕੇ ਫਰਾਰ ਹੋ ਗਏ। ਇਹ ਘਟਨਾ ਥਾਣਾ ਸਿਟੀ ਅਤੇ ਥਾਣਾ ਸਦਰ ਵਿਚਕਾਰ ਵਾਪਰੀ, ਜੋ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੈੱਸ. ਪੀ. ਡੀ. ਸਵਰਨ ਸਿੰਘ ਖੰਨਾ, ਐੈੱਸ. ਐੈੱਚ. ਓ. ਅਸ਼ੋਕ ਸ਼ਰਮਾ, ਸੀ. ਆਈ. ਏ. ਸਟਾਫ ਦੇ ਪ੍ਰਿਤਪਾਲ ਸਿੰਘ ਭਾਰੀ ਪੁਲਸ ਫੋਰਸ ਲੈ ਕੇ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਸੀ. ਸੀ. ਟੀ. ਵੀ. ਦੀ ਫੁਟੇਜ ਦੇਖ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਮਹਿਲਾ ਪੁਲਸ ਮੁਲਾਜ਼ਮ ਨੂੰ ਬਣਾਇਆ ਨਿਸ਼ਾਨਾ : ਇਕ ਹੋਰ ਘਟਨਾ 'ਚ ਇਕ ਮੋਟਰਸਾਈਕਲ ਸਵਾਰ 2 ਲੁਟੇਰੇ ਬਰਨਾਲਾ ਵਿਖੇ ਤਾਇਨਾਤ ਮਹਿਲਾ ਪੁਲਸ ਮੁਲਾਜ਼ਮ ਤੋਂ ਪਰਸ ਖੋਹ ਕੇ ਫਰਾਰ ਹੋ ਗਏ। ਘੁੰਨਸ ਵਾਸੀ ਮਹਿਲਾ ਪੁਲਸ ਕਾਂਸਟੇਬਲ ਚਰਨਜੀਤ ਕੌਰ, ਜਿਸ ਦੀ ਡਿਊਟੀ ਸ਼ਹਿਰ ਬਰਨਾਲਾ 'ਚ ਹੈ, ਆਪਣੀ ਸਾਥੀ ਪੁਲਸ ਮੁਲਾਜ਼ਮ ਨਾਲ ਥਾਣਾ ਸਿਟੀ ਦੀ ਬੈਕ ਸਾਈਡ ਪੈਦਲ ਜਾ ਰਹੀ ਸੀ। ਉਸ ਨੇ ਆਪਣਾ ਮੋਬਾਇਲ ਪਰਸ 'ਚ ਪਾਇਆ ਹੋਇਆ ਸੀ, ਜਦੋਂ ਉਹ ਮੋਬਾਇਲ ਪਰਸ 'ਚੋਂ ਕੱਢਣ ਲੱਗੀ ਤਾਂ ਇੰਨੇ 'ਚ ਹੀ 2 ਨਕਾਬਪੋਸ਼ ਲੁਟੇਰੇ, ਜੋ ਕਿ ਮੋਟਰਸਾਈਕਲ 'ਤੇ ਸਵਾਰ ਸਨ, ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। 


Related News