22 ਏ. ਟੀ. ਐੱਮ. ਲੁੱਟਣ ਵਾਲੇ ਗਿਰੋਹ ਨੂੰ 8 ਦਿਨ ਦੇ ਪੁਲਸ ਰਿਮਾਂਡ ''ਤੇ ਭੇਜਿਆ

10/17/2017 2:39:15 AM

ਕਪੂਰਥਲਾ, (ਭੂਸ਼ਣ)- ਕਪੂਰਥਲਾ ਪੁਲਸ ਵੱਲੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ ਏ. ਟੀ. ਐੱਮ. ਤੋੜਨ ਦੀਆਂ 22 ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 5 ਮੈਂਬਰਾਂ ਨੂੰ ਅਦਾਲਤ ਨੇ 8 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਐੱਸ. ਐੱਚ. ਓ. ਫੱਤੂਢੀਂਗਾ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੀ ਅਗਵਾਈ 'ਚ ਫੱਤੂਢੀਂਗਾ ਪੁਲਸ ਨੇ ਮੂੰਡੀ ਮੋੜ ਦੇ ਨਜ਼ਦੀਕ ਇਕ 5 ਮੈਂਬਰੀ ਏ. ਟੀ. ਐੱਮ. ਲੁਟੇਰਾ ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਨੂੰ ਪੁਲਸ ਨੇ ਅਦਾਲਤ 'ਚ ਪੇਸ਼ ਕਰਕੇ ਇਹ ਦਲੀਲ਼ ਦਿੱਤੀ ਕਿ ਮੁਲਜ਼ਮਾਂ ਨੇ ਆਪਣੀ ਗ੍ਰਿਫਤਾਰੀ ਦੇ ਪਹਿਲੇ ਦਿਨ ਹੀ ਪੰਜਾਬ 'ਚ ਏ. ਟੀ. ਐੱਮ. ਤੋੜਨ ਦੀ 17 ਅਤੇ ਹਿਮਾਚਲ ਪ੍ਰਦੇਸ਼ ਵਿੱਚ 5 ਵਾਰਦਾਤਾਂ ਨੂੰ ਅੰਜਾਮ ਦੇਣ ਦਾ ਖੁਲਾਸਾ ਕੀਤਾ ਹੈ। ਮੁਲਜ਼ਮਾਂ ਦੇ ਤਾਰ ਵੱਡੇ ਅਪਰਾਧਿਕ ਨੈੱਟਵਰਕ ਨਾਲ ਜੁੜੇ ਹੋਏ ਹਨ ਅਤੇ ਪੁੱਛਗਿੱਛ ਦੇ ਦੌਰਾਨ ਉਨ੍ਹਾਂ ਤੋਂ ਕਈ ਸਨਸਨੀਖੇਜ਼ ਖੁਲਾਸੇ ਹੋ ਸਕਦੇ ਹਨ। ਜਿਸ ਲਈ ਲੰਬੇ ਰਿਮਾਂਡ ਦੀ ਲੋੜ ਹੈ। ਜਿਸ 'ਤੇ ਅਦਾਲਤ ਨੇ ਪੰਜਾਂ ਮੁਲਜ਼ਮਾਂ ਨੂੰ 8 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਨਸ਼ੇ ਦੀ ਪੂਰਤੀ ਅਤੇ ਐਸ਼ੋ ਆਰਾਮ ਲਈ ਲੁਟਦੇ ਸਨ ਏ. ਟੀ. ਐੱਮ.- ਪੰਜਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਕਰਕੇ ਜਦੋਂ ਉਨ੍ਹਾਂ ਦੀ ਮੌਕੇ 'ਤੇ ਪੁੱਜੇ ਡੀ. ਐੱਸ. ਪੀ. (ਡੀ.) ਸੋਹਨ ਲਾਲ ਸੰਧੂ ਦੀ ਨਿਗਰਾਨੀ 'ਚ ਤਲਾਸ਼ੀ ਲਈ ਗਈ ਤਾਂ ਮੁਲਜ਼ਮਾਂ ਤੋਂ 5 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਦੋਂ ਮੁਲਜ਼ਮਾਂ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਖੁਲਾਸਾ ਕੀਤਾ ਕਿ ਉਹ ਏ. ਟੀ. ਐੱਮ. ਤੋੜਨ ਵਾਲੇ ਗੈਂਗ ਦੇ ਮੈਂਬਰ ਹਨ ਅਤੇ ਹੁਣ ਤਕ ਏ. ਟੀ. ਐੱਮ. ਤੋੜਨ ਦੀਆਂ 22 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਮੁਲਜ਼ਮਾਂ ਦੀ ਕਾਰ ਦੀ ਤਲਾਸ਼ੀ ਦੇ ਦੌਰਾਨ ਏ. ਟੀ. ਐੱਮ. ਤੋੜਨ ਵਾਲਾ ਗੈਸ ਸਿਲੰਡਰ, ਗੈਸ ਕਟਰ, ਦਸਤਾਨੇ, ਪੇਚਕਸ ਅਤੇ ਪਲਾਸ ਬਰਾਮਦ ਹੋਏ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਨਸ਼ੇ ਦੀ ਪੂਰਤੀ ਅਤੇ ਐਸ਼ੋ ਆਰਾਮ ਲਈ ਏ. ਟੀ. ਐੱਮ. ਨੂੰ ਲੁਟਣ ਦੀਆਂ ਵਾਰਦਾਤਾਂ ਕਰਦੇ ਸਨ।
ਸਾਲ 2015 ਤੋਂ ਲੈ ਕੇ ਹੁਣ ਤਕ ਦਿੱਤਾ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ
- ਜਨਵਰੀ 2015 'ਚ ਪਿੰਡ ਸ਼ੇਰੂ ਜ਼ਿਲਾ ਤਰਨਤਾਰਨ ਦੇ ਇਕ ਬੈਂਕ ਏ. ਟੀ. ਐੱਮ. ਤੋਂ 4 ਲੱਖ ਰੁਪਏ ਦੀ ਰਕਮ ਲੁੱਟੀ।
-  ਜੁਲਾਈ 2015 'ਚ ਹਿਮਾਚਲ ਪ੍ਰਦੇਸ਼  ਦੇ ਜਵਾਲਾ ਜੀ  ਵਿਚ ਇਕ ਬੈਂਕ ਏ. ਟੀ. ਐੱਮ. ਤੋਂ 10 ਲੱਖ ਰੁਪਏ ਦੀ ਰਕਮ ਲੁੱਟੀ।
- ਸਤੰਬਰ 2015 'ਚ ਧਰਮਸ਼ਾਲਾ ਹਿਮਾਚਲ ਪ੍ਰਦੇਸ਼  ਦੇ ਨਜ਼ਦੀਕ ਚਾਮੁੰਡਾ ਦੇਵੀ ਮਾਰਗ 'ਤੇ ਇਕ ਬੈਂਕ ਏ. ਟੀ. ਐੱਮ. ਤੋੜ ਕੇ ਮੁਲਜ਼ਮਾਂ ਨੇ 2 ਲੱਖ ਰੁਪਏ ਦੀ ਰਕਮ ਲੁੱਟੀ।
- ਅਕਤੂਬਰ 2015 ਵਿਚ ਸਰਹਾਲੀ ਜ਼ਿਲਾ ਤਰਨਤਾਰਨ ਵਿਚ ਇਕ ਬੈਂਕ ਏ. ਟੀ. ਐੱਮ. ਨੂੰ ਤੋੜਨ ਦੇ ਬਾਵਜੂਦ ਮੁਲਜ਼ਮ ਕੋਈ ਰਕਮ ਨਹੀਂ ਲੁੱਟ ਪਾਏ ਸਨ।
-  ਫਰਵਰੀ 2016 'ਚ ਮੁਲਜ਼ਮਾਂ ਨੇ ਰਾਣੀ ਬਾਗ ਹਿਮਾਚਲ ਪ੍ਰਦੇਸ਼ ਵਿੱਚ ਇਕ ਬੈਂਕ ਏ. ਟੀ. ਐੱਮ. ਨੂੰ ਤੋੜਿਆ ਸੀ ਪਰ ਏ. ਟੀ. ਐੱਮ. 'ਚੋਂ ਕੋਈ ਰਕਮ ਨਹੀਂ ਮਿਲੀ।
-  ਅਕਤੂਬਰ 2016 'ਚ ਆਦਮਪੁਰ ਦੇ ਨਜ਼ਦੀਕ ਬੈਂਕ ਏ. ਟੀ. ਐੱਮ. ਤੋੜ ਕੇ ਡੇਢ ਲੱਖ ਰੁਪਏ ਦੀ ਰਕਮ ਲੁੱਟੀ। 
-  ਦਸੰਬਰ 2016 'ਚ ਹਿਮਾਚਲ ਪ੍ਰਦੇਸ਼ ਦੇ ਜਵਾਲਾ ਜੀ  ਵਿੱਚ ਏ. ਟੀ. ਐੱਮ. ਤੋੜਨ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 32 ਲੱਖ ਰੁਪਏ ਦੀ ਰਕਮ ਲੁੱਟੀ।
- ਦਸੰਬਰ 2016 'ਚ ਹਿਮਾਚਲ ਪ੍ਰਦੇਸ਼ ਦੇ ਗਗਰੇਟ ਵਿਚ ਏ. ਟੀ. ਐੱਮ. ਤੋੜਨ ਦੇ ਬਾਵਜੂਦ ਮੁਲਜ਼ਮਾਂ ਨੂੰ ਕੋਈ ਨਕਦੀ ਨਹੀਂ ਮਿਲੀ।
-  ਜਨਵਰੀ 2017 'ਚ ਜਲੰਧਰ ਭੋਗਪੁਰ ਮਾਰਗ 'ਤੇ ਮੁਲਜ਼ਮ ਏ. ਟੀ. ਐੱਮ. ਤੋੜਨ ਦੇ ਬਾਵਜੂਦ ਮੁਲਜ਼ਮ ਕੋਈ ਰਕਮ ਨਹੀਂ ਲੁੱਟ ਸਕੇ। 
- ਜ਼ਿਲਾ ਫਰੀਦਕੋਟ ਸੰਧਵਾਂ 'ਚ ਏ. ਟੀ. ਐੱਮ. ਤੋੜ ਕੇ 1 ਲੱਖ 60 ਹਜ਼ਾਰ ਰੁਪਏ ਦੀ ਨਕਦੀ ਲੁੱਟੀ।
- ਫਾਜ਼ਿਲਕਾ ਦੇ ਨਜ਼ਦੀਕ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਰਕਮ ਨਹੀਂ ਮਿਲੀ।
- ਸਤੰਬਰ 2017 'ਚ ਮੁਲਜ਼ਮਾਂ ਨੇ ਪਿੰਡ ਫਤਿਹਗੜ੍ਹ ਪੰਜਤੂਰ 'ਚ ਏ. ਟੀ. ਐੱਮ. ਤੋੜ ਕੇ 1.50 ਲੱਖ ਰੁਪਏ ਦੀ ਰਕਮ ਲੁੱਟੀ।
- 6 - 7 ਅਕਤੂਬਰ 2017 ਨੂੰ ਪਿੰਡ ਭਵਾਨੀਪੁਰ ਕਪੂਰਥਲਾ ਵਿੱਚ ਏ. ਟੀ. ਐੱਮ. ਤੋੜਨ ਦੀ ਨਾਕਾਮ ਕੋਸ਼ਿਸ਼।
- ਪਿੰਡ ਵੈਰੋਵਾਲ ਵਿੱਚ ਏ. ਟੀ. ਐੱਮ. ਤੋੜ ਕੇ 9 ਹਜ਼ਾਰ ਰੁਪਏ ਦੀ ਰਕਮ ਲੁੱਟੀ।
- ਫਿਰ ਪਿੰਡ ਵੈਰੋਵਾਲ 'ਚ ਹੀ 32 ਹਜ਼ਾਰ ਰੁਪਏ ਦੀ ਰਕਮ ਲੁੱਟੀ।
- 13 -14 ਅਕਤੂਬਰ 2017 ਦੀ ਰਾਤ ਮੁਲਜ਼ਮਾਂ ਨੇ ਗੁਰੂ ਦਾ ਮੋੜ ਫਿਰੋਜ਼ਪੁਰ ਵਿੱਚ ਏ. ਟੀ. ਐੱਮ. ਤੋੜਨ ਦੀ ਨਾਕਾਮ ਕੋਸ਼ਿਸ਼ ਕੀਤੀ। ਇਸੇ ਰਾਤ ਮੁਲਜ਼ਮਾਂ ਨੇ ਫਿਰਜ਼ਪੁਰ  ਦੇ ਪਿੰਡ ਖਾਈ ਫੇਮੇਕੀ ਵਿੱਚ ਏ. ਟੀ. ਐੱਮ. ਤੋੜ ਕੇ 3.77 ਲੱਖ ਰੁਪਏ ਦੀ ਰਕਮ ਲੁੱਟੀ।


Related News