ਗੁਰਦਾਸਪੁਰ : 1 ਸਕੂਟਰ ਅਤੇ 8 ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਚੋਰ ਗ੍ਰਿਫਤਾਰ

08/18/2017 3:47:24 PM


ਬਟਾਲਾ(ਬੇਰੀ) - ਥਾਣਾ ਸਿਟੀ ਦੀ ਪੁਲਸ ਨੇ 2 ਮੋਟਰਸਾਈਕਲ ਚੋਰਾਂ ਨੂੰ ਗ੍ਰਿਫਤਾਰ ਕਰਦਿਆਂ ਚੋਰੀ ਦੇ 8 ਮੋਟਰਸਾਈਕਲ ਅਤੇ ਇਕ ਸਕੂਟਰ ਬਰਾਮਦ ਕੀਤਾ ਹੈ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ. ਐੱਚ. ਓ. ਪ੍ਰਭਜੋਤ ਸਿੰਘ ਅਤੇ ਏ. ਐੱਸ. ਆਈ ਬਲਦੇਵ ਰਾਜ ਚੌਕੀ ਇੰਚਾਰਜ ਬਸ ਸਟੈਂਡ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਕੱਲ ਪੁਲਸ ਪਾਰਟੀ ਸਮੇਤ ਗਾਂਧੀ ਚੌਕ ਤੋਂ ਵਿਸ਼ੇਸ਼ ਚੈਕਿੰਗ ਦੌਰਾਨ ਨਾਕਾਬੰਦੀ ਕਰਕੇ ਦੋ ਨੌਜਵਾਨਾਂ ਨੂੰ ਬਿਨਾਂ ਨੰਬਰੀ ਪੈਸ਼ਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦੇ ਦੇਖ ਚੈਕਿੰਗ ਲਈ ਰੋਕਿਆ। ਰੋਕਣ ਦਾ ਇਸ਼ਾਰਾ ਕਰਨ 'ਤੇ ਉਕਤ ਨੌਜਵਾਨ ਪੁਲਸ ਪਾਰਟੀ ਨੂੰ ਦੇਖ ਘਬਰਾਅ ਗਏ ਅਤੇ ਵਾਹਨ ਦੇ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ ਜਿਸਦੇ ਚਲਦਿਆਂ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ। ਐੱਸ. ਐੱਚ. ਓ ਤੇ ਚੌਕੀ ਇੰਚਾਰਜ ਨੇ ਦੱਸਿਆ ਕਿ ਇਸ ਦੇ ਬਾਅਦ ਦੋਵਾਂ ਨੌਜਵਾਨਾਂ ਨੂੰ ਪੁਲਸ ਮੁਲਾਜ਼ਮਾਂ ਨੇ ਹਿਰਾਸਤ ਵਿਚ ਲੈਂਦਿਆਂ ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ ਅਤੇ ਥਾਣਾ ਸਿਟੀ ਵਿਚ ਦੋਵਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਐੱਸ. ਐੱਚ. ਓ ਪ੍ਰਭਜੋਤ ਸਿੰਘ ਤੇ ਏ. ਐੱਸ. ਆਈ ਬਲਦੇਵ ਰਾਜ ਗੋਰਾ ਨੇ ਅੱਗੇ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਸੁਖਰਾਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਖਲੀਲਪੁਰ ਅਤੇ ਤੇਜਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਪਿੰਡ ਧਾਰੋਵਾਲੀ ਵਜੋਂ ਹੋਈ ਹੈ ਅਤੇ ਇਨ੍ਹਾਂ ਦੋਵਾਂ ਨੌਜਵਾਨਾਂ ਨੇ ਪੁੱਛਗਿਛ ਦੌਰਾਨ ਪੁਲਸ ਅੱਗੇ ਮੰਨਿਆ ਹੈ ਕਿ ਉਹ ਵੱਖ-ਵੱਖ ਥਾਂਵਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਵੇਚਦੇ ਆ ਰਹੇ ਹਨ, ਜਿਸ 'ਤੇ ਪੁਲਸ ਨੇ ਉਕਤ ਦੋਵਾਂ ਨੌਜਵਾਨਾਂ ਦੀ ਨਿਸ਼ਾਨਦੇਹੀ 'ਤੇ ਇਕ ਸਕੂਟਰ ਤੇ 8 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਹਨ। ਉਕਤ ਦੋਵਾਂ ਨੌਜਵਾਨਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News