ਸੜਕ ਹਾਦਸਿਆਂ ''ਚ 2 ਦੀ ਮੌਤ, 13 ਜ਼ਖਮੀ

06/26/2017 1:15:44 AM

ਫਿਰੋਜ਼ਪੁਰ,  (ਜੈਨ, ਮਨਦੀਪ)— ਪਿੰਡ ਜੋਗੇਵਾਲਾ ਦੇ ਨੇੜੇ 2 ਕਾਰਾਂ ਦੀ ਆਮਣੇ-ਸਾਹਮਣੇ ਟੱਕਰ ਹੋ ਗਈ, ਜਿਸ 'ਚ 10 ਲੋਕ ਜ਼ਖਮੀ ਹੋ ਗਏ, ਜਦ ਕਿ 1 ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਮੋਗਾ ਤੇ ਲੁਧਿਆਣਾ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ।
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਚਾਚਾ ਦਰਸ਼ਨ ਸਿੰਘ ਨਿਵਾਸੀ ਪਿੰਡ ਚੁੱਘਾ ਕਲਾਂ ਤੋਂ ਆਪਣੇ ਪਰਿਵਾਰ ਦੇ ਨਾਲ ਕਾਰ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਦੇ ਲਈ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਇਕ  ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ 'ਚ ਜ਼ਖਮੀ ਹੋਏ ਕਿਰਨਦੀਪ ਕੌਰ ਨੂੰ ਕਾਲੜਾ ਹਸਪਤਾਲ, ਚਰਨਜੀਤ ਕੌਰ, ਹਰਮੀਤ ਕੌਰ, ਸੁਖਚੈਨ ਸਿੰਘ, ਕਰਨੈਲ ਸਿੰਘ, ਬਲਜਿੰਦਰ ਕੌਰ, ਸਰਬਜੀਤ ਕੌਰ, ਕੁਲਬੀਰ ਕੌਰ, ਹਰਮਿੰਦਰ ਕੌਰ ਤੇ ਸਨੇਹਦੀਪ ਕੌਰ ਨੂੰ ਮੱਖੂ ਦੇ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਉਥੇ ਦਰਸ਼ਨ ਸਿੰਘ ਨੂੰ ਜ਼ੀਰਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਉਸਦੀ ਮੌਤ ਹੋ ਗਈ, ਜਦਕਿ ਲੜਕੀ ਹਰਮੀਤ ਕੌਰ ਜੋ ਕੇ ਗੰਭੀਰ ਸੀ, ਉਸਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ। 
ਪਿੰਡ ਸਾਂਦੇ ਹਾਸ਼ਮ ਦੀ ਦਾਣਾ ਮੰਡੀ ਦੇ ਨਜ਼ਦੀਕ ਇਕ ਟਿੱਪਰ ਦੀ ਮੋਟਰਸਾਈਕਲ ਨਾਲ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੁਲਗੜ੍ਹੀ ਦੇ ਸਹਾਇਕ ਇੰਸਪੈਕਟਰ ਰਮੇਸ਼ ਮਸੀਹ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਭਰਾ ਜੋਗਿੰਦਰ ਸਿੰਘ ਪੁੱਤਰ ਨਵਾਬ ਵਾਸੀ ਹਾਮਦ ਵਾਲਾ ਉਤਾੜ ਨੇ ਦੋਸ਼ ਲਾਇਆ ਕਿ ਜਦ ਉਸਦਾ ਭਰਾ ਮਹਿੰਦਰ ਸਿੰਘ ਉਰਫ ਪੱਪੂ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਦਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਫਿਰੋਜ਼ਸ਼ਾਹ ਨੇ ਆਪਣਾ ਟਿੱਪਰ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਚਲਾਉਂਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਤੇ ਇਸ ਹਾਦਸੇ ਵਿਚ ਉਸਦੇ ਭਰਾ ਮਹਿੰਦਰ ਸਿੰਘ ਉਰਫ ਪੱਪੂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਨਾਮਜ਼ਦ ਵਿਅਕਤੀ ਦੇ ਖਿਲਾਫ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਬੋਹਰ, (ਸੁਨੀਲ)—ਵੱਖ-ਵੱਖ ਸੜਕ ਹਾਦਸਿਆਂ 'ਚ 3 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਲਾਜ ਅਧੀਨ ਅਰਵਿੰਦਰ ਕੁਮਾਰ ਤੇ ਉਸ ਦੀ ਭੈਣ ਅੰਜਲੀ ਨਿਵਾਸੀ ਸ਼ੇਰੇਵਾਲਾ ਨੇ ਦੱਸਿਆ ਕਿ ਉਹ ਦੋਵੇਂ ਮੋਟਰਸਾਈਕਲ 'ਤੇ ਸ਼ੇਰੇਵਾਲਾ ਪਿੰਡ ਨੂੰ ਜਾ ਰਹੇ ਸਨ ਕਿ ਜਦੋਂ ਇਹ ਬਹਾਵਵਾਲਾ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਹੋਰ ਮੋਟਰਸਾਈਕਲ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਨਾਲ ਉਹ ਦੋਵੇਂ ਸੜਕ 'ਤੇ ਡਿੱਗ ਗਏ ਤੇ ਜ਼ਖ਼ਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਪਹੁੰਚਾਇਆ।
ਇਸੇ ਤਰ੍ਹਾਂ ਪਿੰਡ ਤੂਤਵਾਲਾ ਨਿਵਾਸੀ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਸ਼ਹਿਰ ਤੋਂ ਆਪਣੇ ਪਿੰਡ ਜਾ ਰਿਹਾ ਸੀ ਕਿ ਜਦੋਂ ਉਹ ਗਿਦੜਾਵਾਲੀ ਦੇ ਨੇੜੇ ਪਹੁੰਚਿਆ ਤਾਂ ਉਸ ਦਾ ਮੋਟਰਸਾਈਕਲ ਕੰਟਰੋਲ ਤੋਂ ਬਾਹਰ ਹੋਣ ਨਾਲ ਉਹ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਿਆ।


Related News