ਲੁੱਟ-ਖੋਹ ਦੇ ਦੋਸ਼ ''ਚ 2 ਕਾਬੂ, ਨਸ਼ੀਲਾ ਪਾਊਡਰ ਬਰਾਮਦ

06/24/2017 1:35:27 AM

ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਦੇ ਆਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਦੀ ਗ੍ਰਿਫ਼ਤਾਰੀ ਲਈ ਸ਼ੁਰੂ ਕੀਤੀ ਮੁਹਿੰਮ ਦੌਰਾਨ ਪੁਲਸ ਨੇ ਲੁੱਟ-ਖੋਹ ਦੀਆਂ ਘਟਨਾਵਾਂ 'ਚ ਸ਼ਾਮਲ 2 ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਤੇ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਟਾਂਡਾ ਬਾਈਪਾਸ ਚੌਕ 'ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਪੁਲਸ ਨੇ ਇਕ ਮੋਟਰਸਾਈਕਲ ਦੀ ਚੈਕਿੰਗ ਦੌਰਾਨ ਨੀਰਜ ਕੁਮਾਰ ਤੇ ਰੋਹਿਤ ਕੁਮਾਰ ਕੋਲੋਂ ਕ੍ਰਮਵਾਰ 35 ਤੇ 80 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰ ਕੇ ਉਨ੍ਹਾਂ ਨੂੰ ਨਸ਼ਾ ਵਿਰੋਧੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। 
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਮੁੱਢਲੀ ਪੁੱਛਗਿੱਛ ਦੌਰਾਨ ਲੁੱਟ-ਖੋਹ ਦੀਆਂ 31 ਘਟਨਾਵਾਂ 'ਚ ਸ਼ਾਮਲ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਦੋਸ਼ੀਆਂ ਨੇ ਮੰਨਿਆ ਕਿ ਉਹ ਬਜ਼ੁਰਗਾਂ ਅਤੇ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਉਹ ਜ਼ਿਲਾ ਹੁਸ਼ਿਆਰਪੁਰ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵੀ ਕਈ ਭਾਗਾਂ 'ਚ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। 
ਲੁੱਟਿਆ ਗਿਆ ਕੁੱਝ ਸਾਮਾਨ ਬਰਾਮਦ : ਡੀ. ਐੱਸ. ਪੀ. ਤੇ ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਇਸਤੇਮਾਲ ਕੀਤੇ ਮੋਟਰਸਾਈਕਲ ਤੋਂ ਇਲਾਵਾ ਖੋਹੀਆਂ ਗਈਆਂ 23 ਸੋਨੇ ਦੀਆਂ ਵਾਲੀਆਂ, ਇਕ ਅੰਗੂਠੀ, ਇਕ ਜੋੜੀ ਟਾਪਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਕੌਡੀਆਂ ਦੇ ਭਾਅ ਸੋਨੇ ਦੇ ਗਹਿਣੇ ਖਰੀਦਣ ਵਾਲੇ ਕੁੱਝ ਸੁਨਿਆਰਿਆਂ ਨੂੰ ਵੀ ਪੁਲਸ ਜਾਂਚ 'ਚ ਸ਼ਾਮਲ ਕੀਤਾ ਜਾ ਸਕਦਾ ਹੈ।


Related News