2 ਬੱਚਿਆਂ ਦੀ ਮਾਂ ਨੇ ਘਰ ਦੇ ਬਾਥਰੂਮ ''ਚ ਜਾ ਕੇ ਚੁੱਕਿਆ ਖੌਫਨਾਕ ਕਦਮ

Friday, April 21, 2017 10:20 AM
2 ਬੱਚਿਆਂ ਦੀ ਮਾਂ ਨੇ ਘਰ ਦੇ ਬਾਥਰੂਮ ''ਚ ਜਾ ਕੇ ਚੁੱਕਿਆ ਖੌਫਨਾਕ ਕਦਮ

ਸਮਾਣਾ (ਦਰਦ, ਜ. ਬ.)— ਬੀਤੀ ਰਾਤ ਸਥਾਨਕ ਸ਼ਨੀ ਦੇਵ ਮੰਦਰ ਦੇ ਨਜ਼ਦੀਕ ਦਾਜ ਦੀ ਮੰਗ ਅਤੇ ਸਹੁਰਾ ਪਰਿਵਾਰ ''ਚ ਚੱਲਦੇ ਘਰੇਲੂ ਕਲੇਸ਼ ਕਾਰਨ ਐੱਮ. ਏ., ਬੀ. ਐੈੱਡ. ਅਤੇ 2 ਬੱਚਿਆਂ ਦੀ ਮਾਂ ਵੱਲੋਂ ਵੀਰਵਾਰ ਤੜਕੇ ਘਰ ਦੇ ਬਾਥਰੂਮ ''ਚ ਅੱਗ ਲਾ ਕੇ ਆਤਮਦਾਹ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਅੱਗ ਨਾਲ ਝੁਲਸੀ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਜਾਣ ''ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਸੂਚਨਾ ਮਿਲਦੇ ਹੀ ਸਿਟੀ ਥਾਣਾ ਮੁਖੀ ਭੁਪਿੰਦਰ ਸਿੰਘ ਪੁਲਸ ਪਾਰਟੀ ਸਣੇ ਘਟਨਾ ਵਾਲੀ ਥਾਂ ''ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਮ੍ਰਿਤਕਾ ਦੇ ਭਰਾ ਹਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ''ਤੇ ਉਸ ਦੇ ਪਤੀ ਸੁਰਿੰਦਰਪਾਲ ਸਿੰਘ, ਸੱਸ ਤੇ ਸਹੁਰੇ ਖਿਲਾਫ ਧਾਰਾ 304-ਬੀ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਤਿੰਦਰ ਕੌਰ ਉਰਫ ਅੰਕੂ ਦਾ ਪਰਿਵਾਰ ਪੜ੍ਹਿਆ-ਲਿਖਿਆ ਹੈ। ਉਸ ਦਾ ਪਤੀ ਸਰਕਾਰੀ ਅਧਿਆਪਕ ਹੈ, ਜਦੋਂਕਿ ਸਹੁਰਾ ਰਿਟਾ. ਅਧਿਆਪਕ ਹੈ। ਅੰਕੂ ਐੱਮ. ਏ., ਬੀ. ਐੈੱਡ. ਪੜ੍ਹੀ ਹੋਈ ਸੀ। ਨੌਕਰੀ ਨਾ ਮਿਲਣ ਕਾਰਨ ਉਹ ਘਰ ਵਿਚ ਹੀ ਵਿਦਿਆਰਥੀਆਂ ਨੂੰ ਟਿਊਸ਼ਨਾਂ ਪੜ੍ਹਾਉਂਦੀ ਸੀ। ਸਹੁਰੇ ਪਰਿਵਾਰ ਅਨੁਸਾਰ ਉਹ ਨਹਾਉਣ ਲਈ ਸਵੇਰੇ ਬਾਥਰੂਮ ''ਚ ਗਈ ਸੀ। ਉਸ ਦੀਆਂ ਚੀਕਾਂ ਸੁਣ ਕੇ ਜਦੋਂ ਉਹ ਪਹੁੰਚੇ ਤਾਂ ਉਹ ਅੱਗ ਨਾਲ ਝੁਲਸੀ ਹੋਈ ਸੀ। ਉਸ ਨੂੰ ਇਲਾਜ ਲਈ ਪਰਿਵਾਰ ਵਾਲੇ ਸਿਵਲ ਹਸਪਤਾਲ ਲੈ ਆਏ, ਜਿੱਥੇ ਉਸ ਦੀ ਮੌਤ ਹੋ ਗਈ।
ਹਸਪਤਾਲ ''ਚ ਪੋਸਟਮਾਰਟਮ ਕਰਵਾਉਣ ਲਈ ਪਹੁੰਚੇ ਮ੍ਰਿਤਕਾ ਦੇ ਭਰਾ ਹਰਜੀਤ ਸਿੰਘ ਰਾਜਪੁਰਾ ਤੇ ਮਾਮਾ ਗੁਰਮੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਜੀਜਾ ਸੁਰਿੰਦਰਪਾਲ ਸਿੰਘ ਜਤਿੰਦਰ ਕੌਰ ਨੂੰ ਦਾਜ ਦੀ ਮੰਗ ਕਰਦਿਆਂ ਤੰਗ ਕਰਦਾ ਸੀ। ਇਸੇ ਕਾਰਨ ਘਰ ''ਚ ਕਲੇਸ਼ ਰਹਿੰਦਾ ਸੀ। ਉਨ੍ਹਾਂ ਕਈ ਵਾਰ ਨਕਦੀ ਸਣੇ ਉਨ੍ਹਾਂ ਦੀਆਂ ਮੰਗਾਂ ਵੀ ਪੂਰੀਆਂ ਕੀਤੀਆਂ। ਬੁੱਧਵਾਰ ਨੂੰ ਫੋਨ ਆਉਣ ''ਤੇ ਹਰਜੀਤ ਆਪਣੀ ਪਤਨੀ ਨਾਲ ਰਾਤ ਨੂੰ 11 ਵਜੇ ਰਾਜਪੁਰਾ ਤੋਂ ਸਮਾਣਾ ਆਪਣੀ ਭੈਣ ਘਰ ਪਹੁੰਚਿਆ। ਘਰ ਦਾ ਕਲੇਸ਼ ਨਿਪਟਾ ਕੇ 2 ਵਜੇ ਵਾਪਸ ਰਾਜਪੁਰਾ ਚਲਾ ਗਿਆ। ਵੀਰਵਾਰ ਸਵੇਰੇ ਕਰੀਬ 4 ਵਜੇ ਫੋਨ ''ਤੇ ਆਪਣੀ ਭੈਣ ਦੀ ਮੌਤ ਦੀ ਸੂਚਨਾ ਮਿਲੀ। ਉਨ੍ਹਾਂ ਪੁਲਸ ਕੋਲ ਉਸ ਦੀ ਭੈਣ ਦਾ ਗਲਾ ਘੁੱਝ ਕੇ ਮਾਰਨ ਤੋਂ ਬਾਅਦ ਅੱਗ ਲਾਉਣ ਦਾ ਦੋਸ਼ ਲਾਇਆ। ਥਾਣਾ ਸਿਟੀ ਸਮਾਣਾ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਭਰਾ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮ੍ਰਿਤਕਾ ਆਪਣੇ ਪਿੱਛੇ ਇਕ 8 ਸਾਲਾ ਲੜਕੀ ਤੇ 3 ਸਾਲਾ ਲੜਕਾ ਛੱਡ ਗਈ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!