ਕਾਲਜ ਦੇ ਬਾਹਰੋਂ ਵਿਦਿਆਰਥਣ ਨੂੰ ਅਗਵਾ ਕਰਨ ਵਾਲੇ 2 ਨੌਜਵਾਨ ਸੋਲਨ ਤੋਂ ਕਾਬੂ

11/16/2017 8:34:43 AM

ਚੰਡੀਗੜ੍ਹ (ਸੁਸ਼ੀਲ)-ਸੈਕਟਰ-36 ਸਥਿਤ ਐੱਮ. ਸੀ. ਐੱਮ. ਕਾਲਜ ਦੇ ਬਾਹਰੋਂ ਵਿਦਿਆਰਥਣ ਨੂੰ ਅਗਵਾ ਕਰਨ ਵਾਲੇ ਕਾਰ ਸਵਾਰ ਦੋ ਨੌਜਵਾਨਾਂ ਨੂੰ ਪੁਲਸ ਨੇ ਸੋਲਨ ਤੋਂ ਦਬੋਚ ਲਿਆ, ਜਿਨ੍ਹਾਂ ਦੀ ਪਛਾਣ ਪਾਨੀਪਤ ਵਾਸੀ ਵਿਕਰਾਂਤ ਤੇ ਯਸ਼ ਦੇ ਰੂਪ 'ਚ ਹੋਈ। ਪੁਲਸ ਨੇ ਅਗਵਾ ਕਰਨ ਲਈ ਵਰਤੀ ਗੱਡੀ ਵੀ ਵਿਕਰਾਂਤ ਦੀ ਨਿਸ਼ਾਨਦੇਹੀ 'ਤੇ ਬਰਾਮਦ ਕਰ ਲਈ। 
ਵਿਦਿਆਰਥਣ ਦੀ ਸ਼ਿਕਾਇਤ 'ਤੇ ਸੈਕਟਰ-36 ਥਾਣਾ ਪੁਲਸ ਨੇ ਵਿਕਰਾਂਤ ਤੇ ਯਸ਼ ਖਿਲਾਫ ਛੇੜਛਾੜ, ਅਗਵਾ ਕਰਨ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਬੁੱਧਵਾਰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ। 

ਸੈਕਟਰ-23 ਦੇ ਪੀ. ਜੀ. 'ਚ ਰਹਿੰਦੀ ਹੈ ਵਿਦਿਆਰਥਣ, ਕਾਲਜ ਦੇ ਬਾਹਰ ਵਾਪਰੀ ਘਟਨਾ
ਪਾਨੀਪਤ ਵਾਸੀ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸੈਕਟਰ-36 ਦੇ ਐੱਮ. ਸੀ. ਐੱਮ. ਕਾਲਜ 'ਚ ਬੀ. ਏ. ਭਾਗ ਪਹਿਲਾ ਦੀ ਵਿਦਿਆਰਥਣ ਹੈ ਤੇ ਸੈਕਟਰ-23 ਦੇ ਪੀ. ਜੀ. 'ਚ ਰਹਿੰਦੀ ਹੈ। ਮੰਗਲਵਾਰ ਨੂੰ ਪਾਨੀਪਤ 'ਚ ਉਸਦੇ ਨਾਲ ਪੜ੍ਹਨ ਵਾਲਾ ਨੌਜਵਾਨ ਵਿਕਰਾਂਤ ਆਪਣੇ ਦੋਸਤ ਦੇ ਨਾਲ ਕਾਰ 'ਤੇ ਕਾਲਜ ਦੇ ਬਾਹਰ ਆ ਗਿਆ। ਵਿਕਰਾਂਤ ਨੇ ਉਸਦਾ ਰਸਤਾ ਰੋਕਿਆ ਤੇ ਜ਼ਬਰਦਸਤੀ ਉਸ ਨਾਲ ਗੱਲਬਾਤ ਕਰਨ ਲੱਗਾ। ਜਦੋਂ ਉਸਨੇ ਗੱਲ ਨਹੀਂ ਕੀਤੀ ਤਾਂ ਉਹ ਛੇੜਛਾੜ ਕਰਨ ਲੱਗਾ। ਉਹ ਰੌਲਾ ਪਾਉਣ ਲੱਗੀ ਤਾਂ ਵਿਕਰਾਂਤ ਨੇ ਉਸ ਨੂੰ ਜ਼ਬਰਦਸਤੀ ਕਾਰ 'ਚ ਬਿਠਾ ਕੇ ਹੱਥ ਨਾਲ ਉਸਦਾ ਮੂੰਹ ਬੰਦ ਕਰ ਦਿੱਤਾ। 

ਹੱਲੋਮਾਜਰਾ ਲਾਈਟ ਪੁਆਇੰਟ ਦੇ ਕੋਲ ਗੱਡੀ 'ਚੋਂ ਸੁੱਟਿਆ
ਹੱਲੋਮਾਜਰਾ ਲਾਈਟ ਪੁਆਇੰਟ ਨੇੜੇ ਪਹੁੰਚ ਕੇ ਵਿਦਿਆਰਥਣ ਨੇ ਵਿਕਰਾਂਤ ਨੂੰ ਧੱਕਾ ਮਾਰਿਆ ਤੇ ਰੌਲਾ ਪਾਉਣ ਲੱਗੀ। ਫੜੇ ਜਾਣ ਦੇ ਡਰੋਂ ਵਿਕਰਾਂਤ ਵਿਦਿਆਰਥਣ ਨੂੰ ਗੱਡੀ ਤੋਂ ਹੇਠਾਂ ਧੱਕਾ ਦੇ ਕੇ ਫਰਾਰ ਹੋ ਗਿਆ। ਵਿਦਿਆਰਥਣ ਨੇ ਅਗਵਾ ਕਰਨ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਤੇ ਸੈਕਟਰ-36 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਤੇ ਵਿਦਿਆਰਥਣ ਦੀ ਸ਼ਿਕਾਇਤ 'ਤੇ ਵਿਕਰਾਂਤ ਤੇ ਯਸ਼ ਖਿਲਾਫ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। 
ਪੁਲਸ ਨੂੰ ਪਤਾ ਲੱਗਾ ਕਿ ਦੋਵੇਂ ਮੁਲਜ਼ਮ ਸੋਲਨ ਵੱਲ ਗਏ ਹਨ। ਚੰਡੀਗੜ੍ਹ ਪੁਲਸ ਟੀਮ ਸੋਲਨ ਪਹੁੰਚੀ ਤੇ ਉਨ੍ਹਾਂ ਨੂੰ ਮੰਗਲਵਾਰ ਦੇਰ ਰਾਤ ਦਬੋਚ ਕੇ ਚੰਡੀਗੜ੍ਹ ਲੈ ਆਈ। ਉਥੇ ਹੀ ਪੁੱਛਗਿੱਛ 'ਚ ਵਿਕਰਾਂਤ ਨੇ ਕਿਹਾ ਕਿ ਉਸਨੇ ਕਿਸੇ ਨੂੰ ਅਗਵਾ ਨਹੀਂ ਕੀਤਾ, ਵਿਦਿਆਰਥਣ ਖੁਦ ਉਨ੍ਹਾਂ ਦੀ ਗੱਡੀ 'ਚ ਬੈਠੀ ਸੀ।


Related News