ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ''ਤੇ 2.90 ਲੱਖ ਦੀ ਠੱਗੀ

06/26/2017 2:32:49 AM

ਬਠਿੰਡਾ,   (ਸੁਖਵਿੰਦਰ)- ਸਿਵਲ ਲਾਈਨ ਪੁਲਸ ਨੇ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ 'ਤੇ ਦੋ ਵਿਅਕਤੀਆਂ ਨਾਲ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ਾਂ 'ਚ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜਸਵੀਰ ਦਾਸ ਵਾਸੀ ਭਲਾਈਆਣਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਅਤੇ ਉਸ ਦੇ ਦੋਸਤ ਬੂਟਾ ਸਿੰਘ ਨੇ ਪਟਵਾਰਖਾਨੇ ਵਿਚ ਕਲਰਕ ਦੀ ਨੌਕਰੀ ਲਈ ਅਪਲਾਈ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਹਰਮਨਦੀਪ ਸਿੰਘ ਵਾਸੀ ਬਣਾਵਾਲੀ ਨਾਲ ਹੋਈ, ਜਿਸ ਨੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ 2 ਲੱਖ 90 ਹਜ਼ਾਰ ਰੁਪਏ ਦੀ ਮੰਗ ਕੀਤੀ। ਸਰਕਾਰੀ ਨੌਕਰੀ ਮਿਲਣ ਦੇ ਲਾਲਚ 'ਚ ਉਨ੍ਹਾਂ ਨੇ ਮੁਲਜ਼ਮ ਨੂੰ ਉਕਤ ਪੈਸੇ ਦੇ ਦਿੱਤੇ। ਜਦੋਂ ਲੰਮਾ ਸਮਾਂ ਬੀਤਣ ਤੋਂ ਬਾਅਦ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਦਿਵਾਈ ਤਾਂ ਉਨ੍ਹਾਂ ਉਕਤ ਵਿਅਕਤੀ ਤੋਂ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਪਰ ਮੁਲਜ਼ਮ ਉਨ੍ਹਾਂ ਨੂੰ ਟਾਲ-ਮਟੋਲ ਕਰਦਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਵਿਅਕਤੀ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।


Related News