1984 ਸਿੱਖਾਂ ਵਿਰੋਧੀ ਦੰਗੇ : ਜਗਦੀਸ਼ ਟਾਈਟਲਰ ਵਿਰੁੱਧ ਅਗਲੀ ਸੁਣਵਾਈ 24 ਜਨਵਰੀ ਨੂੰ

01/18/2018 8:57:54 AM

ਨਵੀਂ ਦਿੱਲੀ — 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਦੇ ਮੁੱਖ ਦੋਸ਼ੀ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦੇ ਖਿਲਾਫ ਦਿੱਲੀ ਦੀ ਕੜਕੜਡੁਮਾ ਕੋਰਟ 'ਚ ਫਿਰ ਤੋਂ ਸੁਣਵਾਈ ਸ਼ੁਰੂ ਹੋ ਗਈ ਹੈ। ਟਾਈਟਲਰ ਵਿਰੁੱਧ ਇਹ ਸੁਣਵਾਈ ਬਾਦਲ ਸਿੰਘ, ਗੁਰਚਰਨ ਸਿੰਘ ਅਤੇ ਠਾਕੁਰ ਸਿੰਘ ਦੇ ਕਤਲ ਮਾਮਲਿਆਂ ਵਿਚ ਸ਼ੁਰੂ ਕੀਤੀ ਗਈ ਹੈ। ਇੰਨ੍ਹਾ ਤਿੰਨ ਸਿੱਖਾਂ ਨੂੰ 1 ਨਵੰਬਰ 1984 ਨੂੰ ਉੱਤਰੀ ਦਿੱਲੀ ਦੇ ਗੁਰਦੁਆਰਾ ਪੁਲਬੰਗਸ਼ ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਭੜਕੀ ਹਿੰਸਾ ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਅਧੀਨ ਅਕਤੂਬਰ 2017 ਵਿਚ ਦਿੱਲੀ ਅਦਾਲਤ ਨੇ ਇਸ ਕੇਸ ਦੇ ਗਵਾਹ ਅਭਿਸ਼ੇਕ ਵਰਮਾ ਦਾ ਪੋਲੋਗ੍ਰਾਫੀ ਟੈਸਟ ਹੋਣਾ ਸੀ। ਵਰਮਾ ਨੇ ਦਿੱਲੀ ਪੁਲਸ ਕੋਲ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਸੀ। ਵਰਮਾ ਨੂੰ ਈ-ਮੇਲ ਮਿਲੀ ਸੀ ਕਿ ਉਸ ਨੂੰ ਦੇਸ਼ ਭਗਤੀ ਤਿਆਗ ਕੇ ਟਾਈਟਲਰ ਵਿਰੁੱਧ ਗਵਾਹੀ ਲਈ ਪੌਲੀਗ੍ਰਾਫ ਟੈਸਟ ਤੋਂ ਮਨ੍ਹਾ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਉਸਨੂੰ ਮੌਤ ਮਿਲੇਗੀ। ਗਵਾਹ ਵਰਮਾ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਸੀ ਕਿ ਉਸ ਦੀ ਸੁਰੱਖਿਆ ਵਧਾਈ ਜਾਵੇ ਕਿਉਂਕਿ ਇਹ ਗੰਭੀਰ ਮਾਮਲਾ ਹੈ। ਅਭਿਸ਼ੇਕ ਨੇ ਇਲਜ਼ਾਮ ਲਗਾਏ ਸਨ ਕਿ ਜਿਸ ਸਮੇਂ ਤੋਂ ਉਸਨੇ ਟਾਈਟਲਰ ਵਿਰੁੱਧ ਗਵਾਹੀ ਦੇਣ ਦਾ ਐਲਾਨ ਕੀਤਾ ਹੈ ਉਸ ਸਮੇਂ ਤੋਂ ਉਸਨੂੰ ਧਮਕੀਆਂ ਮਿਲ ਰਹੀਆਂ ਹਨ।
ਦੂਸਰੇ ਪਾਸੇ ਕੋਰਟ 'ਚ ਸੀ.ਬੀ.ਆਈ. ਨੇ ਕਿਹਾ ਕਿ ਰੋਹਿਣੀ ਕੋਰਟ ਵਿਚ ਮਸ਼ੀਨ ਠੀਕ ਹੋਣ ਲਈ ਅਜੇ ਦੋ ਮਹੀਨੇ ਦਾ ਸਮਾਂ ਲੱਗੇਗਾ, ਇਸ ਲਈ ਰੋਹਿਣੀ ਦੀ ਦੂਸਰੀ ਲੈਬ 'ਚ ਟੈਸਟ ਕਰਵਾਇਆ ਜਾ ਸਕਦਾ ਹੈ।
ਇਸ ਲਈ 24 ਜਨਵਰੀ ਨੂੰ ਅਭਿਸ਼ੇਕ ਵਰਮਾ ਤੋਂ ਪੁੱਛਿਆ ਜਾ ਸਕਦਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 24 ਜਨਵਰੀ ਨੂੰ ਹੋਵੇਗੀ। 
ਦੂਸਰੇ ਪਾਸੇ ਦੰਗਾ ਪੀੜਤਾ ਦੇ ਵਕੀਲ ਫੂਲਕਾ ਨੇ ਕਿਹਾ ਕਿ, ਇਕ ਪਾਸੇ ਸੁਪਰੀਮ ਕੋਰਟ ਇਸ ਮਾਮਲੇ ਬਾਰੇ ਸੰਵੇਦਨਸ਼ੀਲ ਲੱਗ ਰਹੀ ਹੈ ਅਜਿਹੇ 'ਚ ਸੀ.ਬੀ.ਆਈ. ਦਾ ਰਵੱਈਆ ਜਗਦੀਸ਼ ਨੂੰ ਬਚਾਉਣ ਵਾਲਾ ਹੈ।
164 ਦੇ ਤਹਿਤ ਸੀ.ਬੀ.ਆਈ. ਨੇ ਕਿਸੇ ਗਵਾਹ ਦੀ ਗਵਾਹੀ ਰਿਕਾਰਡ ਕਰਨੀ ਸੀ ਪਰ ਅਜੇ ਤੱਕ ਨਹੀਂ ਕੀਤੀ।
ਇਸ ਦੇ ਜਵਾਬ 'ਚ ਸੀ.ਬੀ.ਆਈ. ਨੇ ਕਿਹਾ ਕਿ ਉਨ੍ਹਾਂ ਦੀ ਮਰਜ਼ੀ ਹੈ ਗਵਾਹੀ ਲੈਣਾ ਜਾਂ ਨਾ ਲੈਣ, ਇਹ ਉਨ੍ਹਾਂ ਦਾ ਅਧਿਕਾਰ ਹੈ।
ਟਾਈਟਲਰ ਨੇ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਪਹਿਲਾਂ ਮਨ੍ਹਾ ਕੀਤਾ ਸੀ, ਜਦੋਂਕਿ ਟਾਈਟਲਰ ਦੇ ਪਾਰਟਨਰ ਰਹਿ ਚੁੱਕੇ ਅਭਿਸ਼ੇਕ ਵਰਮਾ ਦਾ ਪੋਲੀਗ੍ਰਾਫੀ ਟੈਸਟ ਹੋਣਾ ਸੀ। ਪਰ ਪੋਲੀਗ੍ਰਾਫ ਮਸ਼ੀਨ ਖਰਾਬ ਹੋਣ ਕਾਰਨ ਅਭਿਸ਼ੇਕ ਦਾ ਪੋਲੀਗ੍ਰਾਫੀ ਟੈਸਟ ਅਜੇ ਤੱਕ ਨਹੀਂ ਹੋ ਸਕਿਆ। ਸੀ.ਬੀ.ਆਈ. ਮਾਮਲੇ ਦੀ ਜਾਂਚ ਕਰ ਰਹੀ ਹੈ।


Related News