150 ਗ੍ਰਾਮ ਹੈਰੋਇਨ ਅਤੇ 276 ਬੋਤਲਾਂ ਸ਼ਰਾਬ ਬਰਾਮਦ ; ਅੱਧੀ ਦਰਜਨ ਕਾਬੂ

10/18/2017 6:50:26 AM

ਰਾਜਪੁਰਾ, (ਮਸਤਾਨਾ)- ਡੀ. ਐੱਸ. ਪੀ. ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੇ ਵੱਲੋਂ ਚਲਾਈ ਗਈ ਨਸ਼ਾ-ਵਿਰੋਧੀ ਮੁਹਿੰਮ ਨੂੰ ਜਾਰੀ ਰਖਦੇ ਹੋਏ ਥਾਣਾ ਸ਼ੰਭੂ ਤੇ ਥਾਣਾ ਸਿਟੀ ਦੀ ਪੁਲਸ ਵੱਲੋਂ ਚਲਾਏ ਗਏ ਸਪੈਸ਼ਲ ਆਪ੍ਰੇਸ਼ਨ ਦੌਰਾਨ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ ਸਮੇਂ ਅੱਧੀ ਦਰਜਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕੋਲੋਂ 150 ਗ੍ਰਾਮ ਹੈਰੋਇਨ ਅਤੇ 276 ਬੋਤਲਾਂ ਸ਼ਰਾਬ ਬਰਾਮਦ ਕੀਤੀ। 
ਜਾਣਕਾਰੀ ਅਨੁਸਾਰ ਥਾਣਾ ਸ਼ੰਭੂ ਵਿਚ ਤਾਇਨਾਤ ਥਾਣੇਦਾਰ ਸਤਨਾਮ ਸਿੰਘ ਨੇ ਸਮੇਤ ਪੁਲਸ ਫੋਰਸ ਸ਼ੰਭੂ ਬੈਰੀਅਰ ਨੇੜੇ ਨਾਕਾਬੰਦੀ ਦੌਰਾਨ ਸਾਹਮਣਿਓਂ ਆ ਰਹੀ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਕਾਰ ਸਵਾਰ ਹਰਵਿੰਦਰ ਸਿੰਘ, ਬਲਜਿੰਦਰ ਸਿੰਘ, ਲਖਵੀਰ ਸਿੰਘ ਵਾਸੀ ਗੜ੍ਹਸ਼ੰਕਰ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। 
ਇਸੇ ਤਰ੍ਹਾਂ ਥਾਣਾ ਸ਼ੰਭੂ ਵਿਚ ਤਾਇਨਾਤ ਹੌਲਦਾਰ ਗੁਰਮੁਖ ਸਿੰਘ ਨੇ ਸਮੇਤ ਪੁਲਸ ਫੋਰਸ ਪਿੰਡ ਬਪਰੌਰ ਕੋਲ ਨਾਕਾਬੰਦੀ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 240 ਬੋਤਲਾਂ ਸ਼ਰਾਬ ਦੇਸੀ ਮਾਰਕਾ ਹਰਿਆਣਾ ਬਰਾਮਦ ਹੋਈ। ਪੁਲਸ ਨੇ ਕਾਰ ਸਵਾਰ ਜਸਪਾਲ ਸ਼ਰਮਾ ਵਾਸੀ ਘੱਗਾ ਅਤੇ ਹਰਿੰਦਰ ਸਿੰਘ ਵਾਸੀ ਅਲੀਪੁਰ ਅਰਾਈਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। 
ਇਕ ਹੋਰ ਮਾਮਲੇ ਵਿਚ ਹੌਲਦਾਰ ਪ੍ਰਦੀਪ ਕੁਮਾਰ ਨੇ ਸਮੇਤ ਪੁਲਸ ਫੋਰਸ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਰਾਜਪੁਰਾ ਸਿੰਗਲਾ ਕਾਲੋਨੀ ਵਾਸੀ ਭੀਮ ਸੈਨ ਦੇ ਘਰ ਛਾਪਾ ਮਾਰਿਆ। ਉਥੋਂ 36 ਬੋਤਲਾਂ ਸ਼ਰਾਬ ਦੇਸੀ ਮਾਰਕਾ ਹਰਿਆਣਾ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਡੀ. ਐੈੱਸ. ਪੀ. ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੇ ਨੇ ਦੱਸਿਆ ਕਿ ਗੈਰ-ਕਾਨੂੰਨੀ ਤੌਰ 'ਤੇ ਨਸ਼ਾ ਵੇਚਣ ਜਾਂ ਨਸ਼ਾ ਖਰੀਦਣ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। 


Related News