ਠੇਕੇ ''ਤੇ ਜ਼ਮੀਨ ਦੇਣ ਦੇ ਨਾਂ ''ਤੇ 12.70 ਲੱਖ ਠੱਗੇ

Friday, October 13, 2017 7:28 AM
ਠੇਕੇ ''ਤੇ ਜ਼ਮੀਨ ਦੇਣ ਦੇ ਨਾਂ ''ਤੇ 12.70 ਲੱਖ ਠੱਗੇ

ਨਵਾਂਸ਼ਹਿਰ, (ਤ੍ਰਿਪਾਠੀ)- ਠੇਕੇ 'ਤੇ ਜ਼ਮੀਨ ਦੇਣ ਦੇ ਨਾਂ 'ਤੇ 12.70 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਪੁਲਸ ਨੇ ਐੱਨ. ਆਰ. ਆਈ. ਸਣੇ 2 ਜਣਿਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਦਲਜੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਸਾਧਪੁਰ (ਮੁਕੰਦਪੁਰ) ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ। ਜ਼ਮੀਨੀ ਸੌਦੇ ਸੰਬੰਧੀ ਉਸ ਦੀ ਮੁਲਾਕਾਤ ਕੈਨੇਡਾ ਰਹਿੰਦੇ ਸ਼ਰਨਪਾਲ ਸਿੰਘ ਉਰਫ਼ ਕਾਲਾ ਪੁੱਤਰ ਪ੍ਰੀਤਮ ਸਿੰਘ ਨਾਲ ਹੋਈ ਸੀ। ਸ਼ਰਨਪਾਲ ਨੇ ਪਿੰਡ ਮਜਾਰੀ ਵਿਚ 3 ਵੱਖ-ਵੱਖ ਥਾਵਾਂ 'ਤੇ ਸਾਢੇ 23 ਏਕੜ ਦੀ ਜ਼ਮੀਨ ਨੂੰ ਠੇਕੇ 'ਤੇ ਦੇਣ ਦਾ ਉਸ ਨਾਲ ਸੌਦਾ ਕੀਤਾ ਤੇ ਸਾਲ 2016 ਤੋਂ 14 ਮਈ 2019 ਤੱਕ ਲਈ ਕੁੱਲ 12.70 ਲੱਖ ਰੁਪਏ ਦੀ ਰਾਸ਼ੀ ਲੈ ਲਈ।
ਸ਼ਿਕਾਇਤਕਰਤਾ ਨੇ ਚੈੱਕ ਰਾਹੀਂ ਅਦਾਇਗੀ ਕਰ ਦਿੱਤੀ ਸੀ। ਉਸ ਨੇ ਦੱਸਿਆ ਕਿ ਉਕਤ ਜ਼ਮੀਨ 'ਤੇ ਜਦੋਂ ਉਸ ਨੇ ਫ਼ਸਲ ਬੀਜਣ ਦਾ ਕੰਮ ਸ਼ੁਰੂ ਕੀਤਾ ਤਾਂ ਇਕ ਹੋਰ ਵਿਅਕਤੀ ਨੇ ਉਸ ਨੂੰ ਜ਼ਮੀਨ 'ਤੇ ਬਿਜਾਈ ਕਰਨ ਤੋਂ ਰੋਕ ਦਿੱਤਾ ਤੇ ਉਸ ਖਿਲਾਫ ਐੱਨ.ਆਰ.ਆਈ. ਥਾਣੇ 'ਚ ਸ਼ਿਕਾਇਤ ਵੀ ਦੇ ਦਿੱਤੀ।
ਸ਼ਰਨਪਾਲ ਸਿੰਘ ਵਿਦੇਸ਼ ਜਾ ਚੁੱਕਾ ਹੈ ਤੇ ਰਜਿੰਦਰ ਸਿੰਘ ਇਸ ਸੰਬੰਧੀ ਕੋਈ ਸਿਰਾ ਨਹੀਂ ਫੜਾ ਰਿਹਾ। ਉਲਟਾ ਪੈਸੇ ਮੰਗਣ 'ਤੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸ਼ਿਕਾਇਤ ਦੀ ਜਾਂਚ ਉਪਰੰਤ ਪੁਲਸ ਨੇ ਐੱਨ.ਆਰ.ਆਈ. ਸ਼ਰਨਪਾਲ ਸਿੰਘ ਉਰਫ਼ ਕਾਲਾ ਤੇ ਰਜਿੰਦਰ ਸਿੰਘ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।