10 ਅਣ-ਅਧਿਕਾਰਤ ਹੋਟਲ ਸੀਲ

07/23/2017 7:18:06 AM

ਅੰਮ੍ਰਿਤਸਰ,   (ਵੜੈਚ)-  ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਅਣ-ਅਧਿਕਾਰਤ ਹੋਟਲਾਂ ਖਿਲਾਫ ਨਗਰ ਨਿਗਮ ਦਾ ਐੱਮ. ਟੀ. ਪੀ. ਵਿਭਾਗ ਪੱਬਾਂ ਭਾਰ ਹੋ ਤੁਰਿਆ ਹੈ। ਮਾਣਯੋਗ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਗੈਰ-ਕਾਨੂੰਨੀ ਤਰੀਕੇ ਨਾਲ ਨਿਰਮਾਣ ਹੋਏ ਅਤੇ ਬਣ ਰਹੇ ਹੋਟਲਾਂ ਨੂੰ ਸੀਲ ਕਰਨ ਲਈ ਐੱਮ. ਟੀ. ਪੀ. ਵਿਭਾਗ ਦੀ ਟੀਮ ਛੁੱਟੀ ਦਾ ਦਿਨ ਹੋਣ ਦੇ ਬਾਵਜੂਦ ਐਕਟਿਵ ਰਹੀ। ਨਿਗਮ ਕਮਿਸ਼ਨਰ ਲਵਲੀਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਏ. ਟੀ. ਪੀ. ਲਖਬੀਰ ਸਿੰਘ ਤੇ ਜਗਦੇਵ ਸਿੰਘ ਦੀ ਦੇਖ-ਰੇਖ 'ਚ 10 ਹੋਟਲ ਸੀਲ ਕਰ ਕੇ ਵੱਡੀ ਕਾਰਗੁਜ਼ਾਰੀ ਅਦਾ ਕੀਤੀ ਗਈ।
ਨਾਜਾਇਜ਼ ਤਰੀਕੇ ਨਾਲ ਤਿਆਰ ਹੋਏ ਹੋਟਲਾਂ ਖਿਲਾਫ ਸਰਬਜੀਤ ਸਿੰਘ ਵੇਰਕਾ ਵੱਲੋਂ ਰਿਟ ਦਾਇਰ ਕਰਨ ਅਤੇ ਲਗਾਤਾਰ ਆਵਾਜ਼ ਬੁਲੰਦ ਕਰਨ ਉਪਰੰਤ ਆਖਿਰਕਾਰ ਨਿਗਮ ਅਧਿਕਾਰੀਆਂ ਨੇ ਇਮਾਰਤਾਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਏ. ਟੀ. ਪੀ. ਲਖਬੀਰ ਸਿੰਘ ਨੇ ਦੱਸਿਆ ਕਿ ਗਲਿਆਰੇ ਦੇ ਆਸ-ਪਾਸ ਨਾਜਾਇਜ਼ ਤਰੀਕੇ ਨਾਲ ਉਸਾਰੀ ਕਰਨ ਵਾਲੇ 10 ਹੋਟਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਮਹਾਨਗਰ 'ਚ ਅਣ-ਅਧਿਕਾਰਤ ਇਮਾਰਤਾਂ ਖਿਲਾਫ ਕਾਰਵਾਈ ਜਾਰੀ ਰਹੇਗੀ। ਇਸ ਮੌਕੇ ਬਿਲਡਿੰਗ ਇੰਸਪੈਕਟਰ ਅੰਗਦ ਸਿੰਘ, ਮੁਨੀਸ਼ ਕੁਮਾਰ ਅਤੇ ਨਿਗਮ ਤੇ ਪੁਲਸ ਵਿਭਾਗ ਦੇ ਕਰਮਚਾਰੀ ਮੌਜੂਦ ਸਨ। 
ਕਈਆਂ ਨੂੰ ਪਈਆਂ ਭਾਜੜਾਂ 
ਪਿਛਲੀ ਸਰਕਾਰ ਦੌਰਾਨ ਵਨ ਟਾਈਮ ਸੈਟਲਮੈਂਟ ਪਾਲਿਸੀ ਤੋਂ ਬਾਅਦ ਹੋਟਲਾਂ, ਰੈਸਟੋਰੈਂਟਾਂ ਦੇ ਮਾਲਕਾਂ ਨੇ ਰਾਹਤ ਮਹਿਸੂਸ ਕੀਤੀ ਸੀ, ਪਿਛਲੇ ਸਮੇਂ ਦੌਰਾਨ ਹੋਟਲਾਂ 'ਤੇ ਕਾਰਵਾਈ ਕਰਨ ਲਈ ਨਿਗਮ ਦੀ ਟੀਮ ਨੂੰ ਸੰਗਤਾਂ ਦੇ ਵਿਰੋਧ ਨੂੰ ਦੇਖਦਿਆਂ ਕਈ ਵਾਰ ਬੇਰੰਗ ਜਾਣਾ ਪਿਆ ਸੀ ਪਰ ਹੁਣ ਨਾਜਾਇਜ਼ ਹੋਟਲਾਂ ਖਿਲਾਫ ਸੀਲ ਕਰਨ ਦੀ ਕਾਰਵਾਈ ਕਰਨ ਨਾਲ ਕਈਆਂ ਨੂੰ ਭਾਜੜਾਂ ਪੈ ਰਹੀਆਂ ਹਨ। 


Related News