ਪਟਾਕਿਆਂ ਦੀ ਵਿਕਰੀ ਲਈ 10 ਆਰਜ਼ੀ ਲਾਇਸੈਂਸ ਜਾਰੀ

10/17/2017 6:20:55 AM

ਅੰਮ੍ਰਿਤਸਰ,  (ਨੀਰਜ)-  ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਅੱਜ ਜ਼ਿਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਵਿਚ ਪੁਲਸ ਕਮਿਸ਼ਨਰ ਸੁਰਿੰਦਰਪਾਲ ਸਿੰਘ ਪਰਮਾਰ ਅਤੇ ਡੀ. ਸੀ. ਪੀ. ਅਮਰੀਕ ਸਿੰਘ  ਪਵਾਰ ਦੀ ਨਿਗਰਾਨੀ ਵਿਚ ਪਟਾਕਿਆਂ ਦੀ ਵਿਕਰੀ ਕਰਨ ਲਈ 10 ਅਸਥਾਈ ਲਾਇਸੈਂਸ ਜਾਰੀ ਕੀਤੇ ਗਏ ਹਨ। ਪਿਛਲੇ ਸਾਲ 50 ਅਸਥਾਈ ਲਾਇਸੰਸ ਜਾਰੀ ਕੀਤੇ ਗਏ ਸਨ ਅਤੇ ਇਸ ਵਾਰ ਵੀ ਨਗਰ ਸੁਧਾਰ ਟਰੱਸਟ ਵੱਲੋਂ 60 ਖੋਖਿਆਂ ਦੀ ਨੀਲਾਮੀ ਕੀਤੀ ਗਈ ਸੀ ਪਰ ਹਾਈ ਕੋਰਟ ਵੱਲੋਂ ਪਟਾਕਿਆਂ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ। ਡੀ.ਸੀ. ਦਫਤਰ ਦੀ ਅਸਲਾ ਬ੍ਰਾਂਚ ਵਿਚ 350 ਬਿਨੈ-ਪੱਤਰ ਆਏ ਸਨ ਜਿਸ ਨੂੰ ਜ਼ਿਲਾ ਪ੍ਰੀਸ਼ਦ ਦੇ ਦਫਤਰ ਵਿਚ ਡੀ.ਸੀ., ਪੁਲਸ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਡਰਾਅ ਦੇ ਜ਼ਰੀਏ ਜੇਤੂਆਂ ਦੇ ਨਾਂ ਕੱਢੇ ਹਾਲਾਂਕਿ ਪਟਾਕਾ ਵਪਾਰੀਆਂ ਵੱਲੋਂ ਡੀ.ਸੀ. ਨੂੰ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਜ਼ਿਆਦਾ ਲਾਇਸੰਸ ਜਾਰੀ ਕੀਤੇ ਜਾਣ ਪਰ ਅਦਾਲਤੀ ਆਦੇਸ਼ਾਂ ਦਾ ਪੂਰੀ ਸਖਤੀ ਨਾਲ ਪਾਲਣ ਕੀਤਾ ਗਿਆ ਅਤੇ ਪਿਛਲੇ ਸਾਲ ਦੇ ਮੁਕਾਬਲੇ 20 ਫ਼ੀਸਦੀ ਲਾਇਸੰਸ ਹੀ ਜਾਰੀ ਕੀਤੇ ਗਏ ਜਿਸ ਨਾਲ ਪਟਾਕਾ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ। ਵਪਾਰੀਆਂ ਨੇ ਕੁਝ ਮਹੀਨੇ ਪਹਿਲਾਂ ਤੋਂ ਹੀ ਪਟਾਕਿਆਂ ਦਾ ਸਟਾਕ ਕਰ ਰੱਖਿਆ ਸੀ ਹਾਲਾਂਕਿ ਅੰਮ੍ਰਿਤਸਰ ਜ਼ਿਲੇ ਵਿਚ ਐਕਸਪਲੋਸਿਵ ਵਿਭਾਗ ਵੱਲੋਂ ਜਾਰੀ ਕੀਤੇ ਗਏ 30 ਲਾਇਸੈਂਸੀ ਵਪਾਰੀ ਹਨ ਜੋ ਸਾਲਾਂ ਤੋਂ ਪਟਾਕੇ ਬਣਾਉਣ ਦੇ ਨਾਲ ਉਨ੍ਹਾਂ ਦੀ ਹੋਲਸੇਲ ਵਿਚ ਵਿਕਰੀ ਵੀ ਕਰਦੇ ਹਨ। ਡੀ. ਸੀ. ਕਮਲਦੀਪ ਸੰਘਾ ਨੇ ਦੱਸਿਆ ਕਿ ਪੁਲਸ ਨੂੰ ਅਦਾਲਤੀ ਆਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਹਿ ਦਿੱਤਾ ਗਿਆ ਹੈ ਅਤੇ ਦੀਵਾਲੀ ਵਾਲੇ ਦਿਨ ਹੀ ਸ਼ਾਮ 6 ਤੋਂ ਲੈ ਕੇ ਰਾਤ 9 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ। ਪੀ. ਸੀ. ਆਰ. ਵੈਨਾਂ ਆਪਣੇ-ਆਪਣੇ ਇਲਾਕਿਆਂ ਵਿਚ ਗਸ਼ਤ ਕਰਨਗੀਆਂ ਅਤੇ ਤੈਅ ਸਮੇਂ ਦੇ ਬਾਅਦ ਪਟਾਕੇ ਚਲਾਉਂਣ ਵਾਲਿਆਂ ਉਤੇ ਕਾਰਵਾਈ ਕੀਤੀ ਜਾਵੇਗੀ। 
ਪਟਾਕੇ ਚਲਾਉਣ ਵਾਲੇ ਕਲੱਬ ਉਤੇ ਪੁਲਸ ਦਾ ਪਹਿਲਾ ਪਰਚਾ ਦਰਜ : ਹਾਈ ਕੋਰਟ  ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਜ਼ਿਲਾ ਪੁਲਸ ਨੇ ਅੱਜ ਇਕ ਕਲੱਬ ਦੇ ਖਿਲਾਫ ਪਰਚਾ ਦਰਜ ਕੀਤਾ ਹੈ ਜੋ ਆਤਿਸ਼ਬਾਜ਼ੀ ਅਤੇ ਹੋਰ ਪਟਾਕੇ ਚਲਾ ਰਿਹਾ ਸੀ ਜਦੋਂ ਕਿ ਅਦਾਲਤੀ ਹੁਕਮਾਂ ਅਨੁਸਾਰ ਦੀਵਾਲੀ ਵਾਲੇ ਦਿਨ ਹੀ ਤਿੰਨ ਘੰਟੇ ਲਈ ਪਟਾਕੇ ਚਲਾਏ ਜਾ ਸਕਦੇ ਹਨ। ਜ਼ਿਲਾ ਪੁਲਸ ਨੇ ਕਲੱਬ ਪ੍ਰਬੰਧਕਾਂ ਦੇ ਖਿਲਾਫ ਪਰਚਾ ਦਰਜ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਲੋਕਾਂ ਦੀ ਖੈਰ ਨਹੀਂ ਹੈ ਜੋ ਕਿਸੇ ਵੀ ਦਿਨ ਕਿਸੇ ਵੀ ਸਮਾਂ ਪਟਾਕੇ ਚਲਾਉਣ ਦਾ ਸ਼ੌਕ ਰੱਖਦੇ ਹਨ ਹੁਣ ਵੇਖਣਾ ਇਹ ਹੈ ਕਿ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਵਾਲਿਆਂ ਨੂੰ ਕਿਸ ਹੱਦ ਤਕ ਪੁਲਸ ਕੰਟਰੋਲ ਕਰ ਸਕਦੀ ਹੈ । 


Related News