ਕਾਰ ਦੀ ਲਪੇਟ ''ਚ ਆਉਣ ਨਾਲ ਬੱਚੀ ਦੀ ਮੌਤ

06/25/2017 12:07:55 AM

ਅਬੋਹਰ(ਸੁਨੀਲ, ਰਹੇਜਾ)-ਪਿੰਡ ਗਿੱਦੜਾਂਵਾਲੀ 'ਚ ਕਾਰ ਦੀ ਲਪੇਟ 'ਚ ਆਉਣ ਨਾਲ ਇਕ ਮਾਸੂਮ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਗਿੱਦੜਾਂਵਾਲੀ ਨਿਵਾਸੀ ਕਾਲੂ ਰਾਮ ਨੇ ਖੁਈਆਂ ਸਰਵਰ ਦੇ ਏ. ਐੱਸ. ਆਈ. ਦਵਿੰਦਰ ਸਿੰਘ ਨੂੰ ਦੱਸਿਆ ਕਿ ਅੱਜ ਸਵੇਰੇ ਉਸਦੀ ਸਾਢੇ 3 ਸਾਲਾਂ ਦੀ ਬੇਟੀ ਜੋਤੀ ਆਪਣੀ ਦਾਦੀ ਨਾਲ ਘਰ ਵਾਪਸ ਆ ਰਹੀ ਸੀ ਤਾਂ ਘਰ ਦੇ ਨੇੜੇ ਮੇਨ ਰੋਡ 'ਤੇ ਇਕ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਜਦੋਂ ਉਹ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾ ਰਿਹਾ ਸੀ ਤਾਂ ਉਸਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਘਟਨਾ ਦੇ ਬਾਅਦ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਨੇੜੇ-ਤੇੜੇ ਦੇ ਲੋਕਾਂ ਨੇ ਗੱਡੀ ਦਾ ਨੰਬਰ ਨੋਟ ਕਰਕੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਵਾਇਰਲੈਂਸ ਦੇ ਰਾਹੀਂ ਇਸਦੀ ਸੂਚਨਾ ਬੈਰੀਅਰ 'ਤੇ ਦਿੱਤੀ, ਜਿੱਥੇ ਤਾਇਨਾਤ ਕਰਮਚਾਰੀਆਂ ਨੇ ਉਕਤ ਗੱਡੀ ਚਾਲਕ ਨੂੰ ਗੱਡੀ ਸਮੇਤ ਕਾਬੂ ਕਰ ਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ। ਗੱਡੀ ਚਾਲਕ ਦੀ ਪਛਾਣ ਮੁਕਤਸਰ ਜ਼ਿਲੇ ਦੇ ਪਿੰਡ ਕਾਲਾ ਸਿੰਘ ਨਿਵਾਸੀ ਗੁਰ ਲਾਲ ਪੁੱਤਰ ਜਸਵੀਰ ਸਿੰਘ ਦੇ ਰੂਪ 'ਚ ਹੋਈ ਹੈ। ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਕਾਲੂ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਸੰਤਾਨ ਨਾ ਹੋਣ ਕਾਰਨ ਉਨ੍ਹਾਂ ਨੇ ਜੋਤੀ ਨੂੰ ਆਪਣੇ ਭਰਾ ਤੋਂ ਗੋਦ ਲਿਆ ਸੀ, ਉਹ ਵੀ ਭਗਵਾਨ ਨੇ ਉਨ੍ਹਾਂ ਤੋਂ ਖੋਹ ਲਈ।


Related News