ਹਰ ਸਾਲ 1.90 ਲੱਖ ਲੋਕਾਂ ਦੀ ਨਸ਼ੇ ਕਾਰਨ ਹੁੰਦੀ ਹੈ ਮੌਤ

06/27/2017 2:03:22 AM

ਅੰਮ੍ਰਿਤਸਰ,   (ਦਲਜੀਤ)-  ਦੁਨੀਆ ਭਰ ਵਿਚ ਨਸ਼ਾ ਇਕ ਗੰਭੀਰ ਸਮੱਸਿਆ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਇਆ ਹੈ। ਤਾਜ਼ਾ ਸਰਵੇ ਅਨੁਸਾਰ ਸੰਸਾਰ ਵਿਚ ਹਰ ਸਾਲ 1 ਲੱਖ 90 ਹਜ਼ਾਰ ਲੋਕਾਂ ਦੀ ਨਸ਼ੇ ਦੇ ਕਾਰਨ ਮੌਤ ਹੋ ਜਾਂਦੀ ਹੈ। ਮੌਤ ਦਾ ਇਹ ਅੰਕੜਾ ਬੇਹੱਦ ਚਿੰਤਾਜਨਕ ਹੈ। ਜੇਕਰ ਨਸ਼ਾ ਬਿਰਤੀ ਨੂੰ ਸਮਾਂ ਰਹਿੰਦੇ ਨਾ ਰੋਕਿਆ ਗਿਆ ਤਾਂ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। 
26 ਜੂਨ ਨੂੰ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਏਬਿਊਜ਼ ਡੇ ਦੇ ਮੌਕੇ 'ਤੇ ਮਜੀਠਾ ਰੋਡ ਸਥਿਤ ਪਰਿਵਰਤਨ ਨਸ਼ਾ ਮੁਕਤੀ ਕੇਂਦਰ ਵਿਚ ਇਕ ਸੈਮੀਨਾਰ ਕਰਵਾਇਆ ਗਿਆ। ਸੁਮਨ ਇੰਫੋ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਕੰਪਨੀ ਚੰਡੀਗੜ੍ਹ ਵੱਲੋਂ ਸੰਚਾਲਿਤ ਪਰਿਵਰਤਨ ਨਸ਼ਾ ਮੁਕਤੀ ਕੇਂਦਰ ਵਿਚ ਆਯੋਜਿਤ ਸੈਮੀਨਾਰ ਦੇ ਦੌਰਾਨ ਵਿਧਾਇਕ ਸੁਨੀਲ ਦੱਤੀ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। 
ਇਸ ਮੌਕੇ ਸੰਬੋਧਨ ਕਰਦੇ ਹੋਏ ਕੰਪਨੀ ਦੇ ਐੱਮ.ਡੀ. ਸਤਿਏਂਦਰ ਟਕਿਆਰ ਨੇ ਕਿਹਾ ਕਿ ਨਸ਼ਾ ਇਕ ਅਜਿਹੀ ਬੀਮਾਰੀ ਹੈ ਜਿਸ ਨਾਲ ਜੰਗ ਲੜ ਕੇ ਹੀ ਜਿੱਤਿਆ ਜਾ ਸਕਦਾ ਹੈ। ਨਸ਼ੇ ਦੀ ਗ੍ਰਿਫਤ ਵਿਚ ਫਸਿਆ ਵਿਅਕਤੀ ਬੀਮਾਰ ਹੁੰਦਾ ਹੈ। ਉਸ ਦੀ ਮਾਨਸਿਕ ਦਸ਼ਾ ਵੀ ਠੀਕ ਨਹੀਂ ਹੁੰਦੀ। ਅਜਿਹੇ ਵਿਚ ਉਸ ਨੂੰ ਹਮਦਰਦੀ ਭਰਿਆ ਵਰਤਾਓ ਕਰ ਕੇ ਹੀ ਇਸ ਰੋਗ ਤੋਂ ਬਚਾਇਆ ਜਾ ਸਕਦਾ ਹੈ। ਸਹਿਯੋਗ ਅਤੇ ਹਮਦਰਦੀ ਨਾਲ ਨਸ਼ੇੜੀ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਵਾਪਸ ਲਿਆਇਆ ਜਾ ਸਕਦਾ ਹੈ। ਨਸ਼ੇ ਦੀ ਰੋਕਥਾਮ ਲਈ ਪੰਜਾਬ ਸਰਕਾਰ ਨੇ ਵਧੀਆ ਕੋਸ਼ਿਸ਼ ਕੀਤੀ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਦਿਸ਼ਾ ਵਿਚ ਮੌਜੂਦਾ ਸਰਕਾਰ ਦਾ ਅਹਿਮ ਯੋਗਦਾਨ ਸਾਹਮਣੇ ਆ ਰਿਹਾ ਹੈ। ਨਸ਼ਾ ਰੋਕਣ ਲਈ ਸਰਕਾਰ ਤਾਂ ਆਪਣੇ ਪੱਧਰ ਉੱਤੇ ਕੋਸ਼ਿਸ਼ ਕਰ ਰਹੀ ਹੈ ਪਰ ਅੱਜ ਜ਼ਰੂਰਤ ਹੈ ਸਮਾਜਸੇਵੀ ਸੰਸਥਾਵਾਂ ਅਤੇ ਜਾਗਰੂਕ ਲੋਕ ਅੱਗੇ ਆਉਣ। ਸਾਰਿਆਂ ਨੂੰ ਇਸ ਵਿਚ ਹਿੱਸਾ ਪਾ ਕੇ ਨਸ਼ੇ ਦੇ ਖਿਲਾਫ ਇਕ ਵੱਡੀ ਮੁਹਿੰਮ ਚਲਾਉਣਾ ਜ਼ਰੂਰੀ ਹੈ। 
ਇਸ ਸਮੇਂ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਕਿ ਨਸ਼ੇ ਦੀ ਗ੍ਰਿਫਤ ਵਿਚ ਫਸੇ ਨੌਜਵਾਨ ਆਪ ਤਾਂ ਕਮਜ਼ੋਰ ਹੁੰਦੇ ਹੀ ਹਨ ਉਨ੍ਹਾਂ ਦਾ ਪਰਿਵਾਰ ਵੀ ਟੁੱਟ ਕੇ ਖਿੱਲਰ ਜਾਂਦਾ ਹੈ।  ਨਸ਼ਾ ਕਰਨ ਵਾਲੇ ਨਸ਼ਾ ਪੂਰਤੀ ਲਈ ਕਈ ਵਾਰ ਅਜਿਹੀਆਂ ਵਾਰਦਾਤਾਂ ਕਰ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸਾਰੀ ਜ਼ਿੰਦਗੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਕਈ ਪਰਿਵਾਰ ਹਨ ਜਿਨ੍ਹਾਂ ਦੇ ਦੋਵੇਂ ਹੀ ਬੱਚੇ ਨਸ਼ਾ ਕਰਦੇ ਹਨ। ਇਕ ਮਰ ਚੁੱਕਿਆ ਹੈ ਤਾਂ ਦੂਜਾ ਮਰਨ ਨੂੰ ਤਿਆਰ ਹੈ।  ਨਸ਼ੇ ਲਈ ਬੱਚਿਆਂ ਨੂੰ ਤੜਫਦਾ ਵੇਖ ਮਾਪਿਆਂ ਨੂੰ ਇਹ ਕਹਿੰਦੇ ਹੋਏ ਉਨ੍ਹਾਂ ਨੇ ਸੁਣਿਆ ਹੈ ਕਿ ਮੇਰਾ ਬੱਚਾ ਮਰ ਜਾਵੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਵੱਲੋਂ ਕੀਤੇ ਗਏ ਸਰਵੇ ਵਿਚ ਇਹ ਸਪੱਸ਼ਟ ਹੋਇਆ ਹੈ ਕਿ 70 ਫ਼ੀਸਦੀ ਨੌਜਵਾਨ ਨਸ਼ੇ ਦਾ ਸੇਵਨ ਕਰਦੇ ਹਨ। ਸਿਆਸੀ ਅਤੇ ਪੁਲਸ ਦੀ ਮਿਲੀਭਗਤ ਕਾਰਨ ਹੁਣ ਤੱਕ ਪੰਜਾਬ ਵਿਚ ਨਸ਼ੇ ਦਾ ਕੰਮਕਾਜ ਵਧਦਾ ਰਿਹਾ  ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਸ਼ੇ ਦੇ ਖਿਲਾਫ ਸਖ਼ਤ ਕਦਮ ਚੁੱਕੇ ਹਨ। ਇਸ ਵਿਚ ਕਾਫ਼ੀ ਸਫਲਤਾ ਮਿਲੀ ਹੈ। ਜਿਸ ਤਰ੍ਹਾਂ ਪੰਜਾਬ ਵਿਚ ਅੱਤਵਾਦ ਦਾ ਸਫਾਇਆ ਹੋਇਆ ਸੀ ਉਸੇ ਤਰ੍ਹਾਂ ਹੁਣ ਨਸ਼ੀਲੇ ਅੱਤਵਾਦ ਦਾ ਸਫਾਇਆ ਵੀ ਸਰਕਾਰ ਕਰੇਗੀ। ਦੱਤੀ ਨੇ ਕਿਹਾ ਕਿ ਪਰਿਵਰਤਨ ਨਸ਼ਾ ਮੁਕਤੀ ਕੇਂਦਰ ਵੱਲੋਂ ਨਸ਼ੇੜੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਬਹੁਤ ਹੀ ਚੰਗੀ ਗੱਲ ਹੈ। ਦੱਤੀ ਨੇ ਕਿਹਾ ਕਿ ਨਸ਼ੇ ਤੋਂ ਮੁਕਤੀ ਪਾਉਣ ਲਈ ਦ੍ਰਿੜ ਸੰਕਲਪ ਦੀ ਜ਼ਰੂਰਤ ਹੈ। ਨੌਜਵਾਨ ਵਰਗ ਖੇਡਾਂ ਵੱਲ ਜੁੜੇ। ਨੌਜਵਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮੋਢਿਆਂ ਉੱਤੇ ਨਾ ਸਿਰਫ ਪਰਿਵਾਰ ਦੀ ਜ਼ਿੰਮੇਵਾਰੀ ਹੈ ਸਗੋਂ ਦੇਸ਼ ਦੀ ਤਰੱਕੀ ਦਾ ਆਧਾਰ ਵੀ ਉਹੀ ਬਣਨਗੇ। 
ਇਸ ਦੌਰਾਨ ਪਰਿਵਰਤਨ ਨਸ਼ਾ ਮੁਕਤੀ ਕੇਂਦਰ ਦੇ ਐੱਮ.ਡੀ. ਸਾਇਕੈਟਰਿਕ ਲੰਦਨ ਡਾ. ਅਸੀਮ ਗਰਗ ਨੇ ਕਿਹਾ ਕਿ ਸੁਮਨ ਇੰਫੋ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਵੱਲੋਂ ਪੰਜਾਬ ਵਿਚ ਨਸ਼ੇ ਦੀ ਗ੍ਰਿਫਤ ਵਿਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਨਸ਼ੇ ਦੇ ਕਾਰਨ ਨੌਜਵਾਨ ਮਾਨਸਿਕ, ਸਰੀਰਕ ਅਤੇ ਸਮਾਜਿਕ ਤੌਰ 'ਤੇ ਪੱਛੜ ਕੇ ਰਹਿ ਜਾਂਦਾ ਹੈ। ਦੁਨੀਆ ਭਰ ਵਿਚ ਨਸ਼ਾ ਇਕ ਗੰਭੀਰ ਸਮੱਸਿਆ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਇਆ ਹੈ। ਤਾਜ਼ਾ ਸਰਵੇ ਅਨੁਸਾਰ ਸੰਸਾਰ ਵਿਚ ਸਾਲਾਨਾ 1 ਲੱਖ 90 ਹਜ਼ਾਰ ਲੋਕਾਂ ਦੀ ਨਸ਼ੇ ਕਾਰਨ ਮੌਤ ਹੁੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੌਜੂਦਾ ਸਮੇਂ ਵਿਚ ਨੌਜਵਾਨਾਂ ਦੇ ਇਲਾਵਾ ਛੋਟੀ ਉਮਰ ਵਿਚ ਵੀ ਨਸ਼ਾ ਬਿਰਤੀ ਵੱਧ ਰਹੀ ਹੈ।  ਨੌਜਵਾਨ ਵਰਗ ਹੈਰੋਇਨ ਜਿਹੇ ਨਸ਼ੇ ਦੀ ਭੈੜੀ ਆਦਤ ਵਿਚ ਫਸ ਰਹੇ ਹਨ ਜੋ ਨਾ ਸਿਰਫ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਵਿਗਾੜ ਰਹੀ ਹੈ ਉਥੇ ਉਨ੍ਹਾਂ ਦੀ ਆਰਥਿਕ ਹਾਲਤ ਵੀ ਕਮਜ਼ੋਰ ਹੋ ਰਹੀ ਹੈ। ਇਸ ਮੌਕੇ ਉੱਤੇ ਜੀ.ਐੱਮ. ਮਾਰਕੀਟਿੰਗ ਦਲਬੀਰ ਪੁੰਡੀਰ, ਜੀ. ਐੱਮ. ਐਡਮਿਨ. ਰਾਜਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਵੀ ਮੌਜੂਦ ਸਨ। 


Related News