ਸਿੱਧੂ ਦਾ ਪਾਣੀ ਵਾਲੀ ਬੱਸ ਨੂੰ ਬੰਦ ਕਰਨਾ ਗਲਤ ਕਦਮ : ਠੰਡਲ

06/19/2017 5:32:30 PM

ਹੁਸ਼ਿਆਰਪੁਰ (ਸਮੀਰ ਵਸ਼ਿਸ਼ਟ)— ਪੰਜਾਬ ਦੇ ਮੌਜੂਦਾ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਡ੍ਰੀਮ ਪ੍ਰਾਜੈਕਟ ਪਾਣੀ ਵਾਲੀ ਬੱਸ ਨੂੰ ਬੰਦ ਕਰਨ 'ਤੇ ਹੁਣ ਪੰਜਾਬ ਦੀ ਸਿਆਸਤ ਗਰਮ ਹੋ ਚੁੱਕੀ ਹੈ। ਇਸ ਸਬੰਧ 'ਚ ਅੱਜ ਸਾਬਕਾ ਸੈਰ-ਸਪਾਟਾ ਮੰਤਰੀ ਪੰਜਾਬ ਸਰਦਾਰ ਸੋਹਨ ਸਿੰਘ ਨੇ ਕਿਹਾ ਕਿ ਸਿੱਧੂ ਨੇ ਹਰੀਕੇ ਪਤਨ ਦਾ ਦੌਰਾ ਕਰ ਕੇ ਇਕ ਦਮ ਪਾਣੀ ਵਾਲੀ ਬੱਸ ਬੰਦ ਕਰਨ ਦੇ ਹੁਕਮ ਦਿੱਤੇ ਹਨ ਜੋ ਬਿਲਕੁਲ ਗਲਤ ਹਨ, ਕਿਉਂਕੀ ਪਿਛਲੀ ਅਕਾਲੀ ਸਰਕਾਰ ਨੇ ਇਹ ਪ੍ਰਾਜੈਕਟ ਸ਼ੁਰੂ ਕੀਤਾ ਸੀ, ਜਿਸ ਨਾਲ ਵਿਦੇਸ਼ੀ ਸੈਲਾਨੀਆਂ ਦੀ ਆਮਦ ਵੀ ਵਧੀ ਸੀ। ਇਸ ਪ੍ਰਾਜੈਕਟ ਨੂੰ ਬੰਦ ਕਰਨ ਲਈ ਸਦਨ 'ਚ ਵਿਚਾਰ ਕਰਨ ਦੇ ਬਾਅਦ ਹੀ ਫੈਸਲਾ ਲੈਣਾ ਚਾਹੀਦਾ ਸੀ।
ਸੋਹਨ ਸਿੰਘ ਠੰਡਲ ਸਾਬਕਾ ਸੈਰ-ਸਪਾਟਾ ਮੰਤਰੀ ਨੇ ਕਿਹਾ ਹੈ ਕਿ ਦੇਸ਼ 'ਚ ਪਹਿਲੀ ਵਾਰ ਪਾਣੀ 'ਚ ਚੱਲਣ ਵਾਲੀ ਬੱਸ ਦੇ ਪ੍ਰਾਜੈਕਟ ਨੂੰ ਬੰਦ ਕਰਨਾ ਇਕ ਗਲਤ ਫੈਸਲਾ ਹੈ। ਉਨ੍ਹਾਂ ਦੱਸਿਆ ਹੈ ਕਿ ਇਹ ਦੇਸ਼ ਦਾ ਪਹਿਲਾਂ ਪ੍ਰਾਜੈਕਟ ਸੀ ਜਿਸ ਨੂੰ ਚਲਾਉਣ ਲਈ ਬਹੁਤ ਸਾਰੇ ਉਪਰਾਲੇ ਕਰਨ ਦੇ ਬਾਅਦ ਮਨਜ਼ੂਰੀ ਮਿਲੀ ਸੀ। ਕਾਂਗਰਸ ਸਰਕਾਰ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਖੁਸ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਉਹ ਮੌਜੂਦਾ ਅਕਾਲੀ ਸਰਕਾਰ 'ਚ ਸੈਰ-ਸਪਾਟਾ ਮੰਤਰੀ ਸਨ। ਉਸ ਸਮੇਂ ਪੰਜਾਬ 'ਚ ਸੈਰ-ਸਪਾਟਾ ਨੂੰ ਉਤਸ਼ਾਹ ਦੇਣ ਲਈ ਬਹੁਤ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ, ਜਿਸ ਨਾਲ ਪੰਜਾਬ 'ਚ ਸੈਰ-ਸਪਾਟਾ ਨੂੰ ਉਤਸ਼ਾਹ ਵੀ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਇਹ ਬੱਸ ਚੱਲੀ ਸੀ ਉਸ ਸਮੇਂ ਲੋਕ ਬਹੁਤ ਖੁਸ਼ ਸਨ ਅਤੇ ਟਿਕਟਾਂ ਦੀ ਵਿਕਰੀ ਵੀ ਬਹੁਤ ਸੀ, ਜੇਕਰ ਕਾਂਗਰਸ ਕੋਲ ਕੋਈ ਚੰਗੀ ਸਕੀਮ ਹੈ, ਉਸ ਨੂੰ ਲਾਗੂ ਕਰੇ ਅਤੇ ਪਹਿਲਾਂ ਵਾਲੀਆਂ ਸਕੀਮਾਂ ਨੂੰ ਬੰਦ ਨਾ ਕਰੇ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਸੀ ਕਿ ਇਸ 'ਤੇ ਵਿਚਾਰ ਕਰਨ ਦੇ ਬਾਅਦ 'ਚ ਹੀ ਕੋਈ ਫੈਸਲਾ ਲੈਂਦੇ, ਕਿਉਂਕਿ ਅੰਕੜੇ ਦੱਸਦੇ ਹਨ ਕਿ ਪਿਛਲੀ ਸਰਕਾਰ ਨੇ ਸੈਲਾਨੀਆਂ ਨੂੰ ਵੱਡੀ ਗਿਣਤੀ 'ਚ ਪੰਜਾਬ ਵੱਲ ਖਿੱਚਣ 'ਚ ਸਫਲਤਾ ਹਾਸਲ ਕੀਤੀ ਸੀ। ਸਿੱਧੂ ਨੇ ਇਸ ਬੱਸ ਨੂੰ ਆਮ ਸੜਕਾਂ 'ਤੇ ਚਲਾਉਣ ਵਾਲੀ ਬੱਸ ਨਾਲ ਜੋੜ ਕੇ ਦੇਖਿਆ ਹੈ, ਜੇਕਰ ਸਰਕਾਰ ਇਸ ਤਰ੍ਹਾਂ ਬਿਨ੍ਹਾਂ ਸੋਚੇ ਸਮਝੇ ਫੈਸਲੇ ਲੈਂਦੀ ਰਹੀ ਤਾਂ ਲੋਕ ਸਮਝ ਜਾਣਗੇ ਕਿ ਉਨ੍ਹਾਂ ਨੇ ਅੰਨ੍ਹੇ ਲੋਕਾਂ ਦੇ ਹੱਥ ਸੱਤਾ ਦੇ ਦਿੱਤੀ ਹੈ।


Related News