''ਤੜੀਪਾਰ'' ਔਰਤ ਨੇ ਜੜਿਆ ਅਦਾਲਤ ਕੰਪਲੈਕਸ ਨੂੰ ਤਾਲਾ

09/22/2017 8:01:30 PM

ਫਿਲੌਰ (ਭਾਖੜੀ)-ਹਾਈਕੋਰਟ ਦੇ ਹੁਕਮਾਂ ਦੀ ਤਾਮੀਲ ਕਰਵਾਉਣ ਆਈ ਔਰਤ ਨੂੰ ਅਦਾਲਤ ਕੰਪਲੈਕਸ ਵਿਚ ਤਾਇਨਾਤ ਕਰਮਚਾਰੀਆਂ ਨੇ ਟਾਲ-ਮਟੋਲ ਕੀਤੀ ਤਾਂ ਔਰਤ ਨੇ ਅਦਾਲਤ ਕੰਪਲੈਕਸ ਦੇ ਮੁੱਖ ਗੇਟ ਨੂੰ ਤਾਲਾ ਜੜ ਕੇ ਧਰਨੇ 'ਤੇ ਬੈਠ ਗਈ।
 ਮਿਲੀ ਸੂਚਨਾ ਮੁਤਾਬਕ ਅਦਾਲਤੀ ਕੰਪਲੈਕਸ ਦੇ ਮੁੱਖ ਗੇਟ 'ਤੇ ਧਰਨੇ 'ਤੇ ਬੈਠੀ ਔਰਤ ਗੁਰਚਰਨ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2008 'ਚ ਅਦਾਲਤੀ ਮੁਕੱਦਮੇ ਦੌਰਾਨ ਫਗਵਾੜਾ ਦੇ ਇਕ ਵਕੀਲ ਦੇ ਨਾਲ ਝਗੜਾ ਹੋ ਗਿਆ ਸੀ, ਜਿਸ 'ਤੇ ਸੂਬੇ ਦੇ ਜ਼ਿਆਦਾਤਰ ਵਕੀਲਾਂ ਨੇ ਹੜਤਾਲ ਕਰ ਕੇ ਪਹਿਲਾਂ ਉਸ ਦੇ ਵਿਰੁੱਧ ਵਕੀਲ ਨਾਲ ਝਗੜਾ ਕਰਨ ਦਾ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਵਾ ਦਿੱਤਾ ਅਤੇ ਬਾਅਦ 'ਚ ਉਸ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਮਿਲੀ, ਜਿਸ ਵਿਚ ਲਿਖਿਆ ਗਿਆ ਸੀ ਕਿ ਉਹ ਜਲੰਧਰ, ਫਿਲੌਰ, ਫਗਵਾੜਾ, ਕਪੂਰਥਲਾ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ਵਿਚ ਦਾਖਲ ਹੋਣ ਦੀ ਉਸ 'ਤੇ ਪਾਬੰਦੀ ਲਾਈ ਜਾਂਦੀ ਹੈ। ਜੇਕਰ ਉਕਤ 'ਤੇ ਕੋਈ ਮੁਕੱਦਮਾ ਚੱਲਦਾ ਹੈ ਜਾਂ ਉਹ ਕਿਸੇ 'ਤੇ ਕਰਦੀ ਹੈ ਤਾਂ ਉਸ ਦੀ ਸੁਣਵਾਈ ਦੂਜੇ ਸ਼ਹਿਰਾਂ ਦੀਆਂ ਅਦਾਲਤਾਂ ਜਾਂ ਹਾਈਕੋਰਟ 'ਚ ਹੋਵੇਗੀ।
 ਗੁਰਚਰਨ ਕੌਰ ਨੇ ਦੱਸਿਆ ਕਿ ਉਸ ਨੂੰ ਇਸੇ ਸਾਲ ਸਥਾਨਕ ਸ਼ਹਿਰ ਦੀ ਜੂਨੀਅਰ ਡਵੀਜ਼ਨਲ ਅਦਾਲਤ ਵਿਚ ਪੇਸ਼ ਹੋਣ ਦੇ ਸੰਮਨ ਮਿਲੇ। ਸ਼ਿਕਾਇਤਕਰਤਾ, ਜਿਸ ਨੂੰ ਉਸ ਨੇ ਆਪਣੀ ਖੇਤੀ ਦੀ ਜ਼ਮੀਨ ਠੇਕੇ 'ਤੇ ਦਿੱਤੀ ਸੀ, ਉਸ ਨੂੰ ਜ਼ਮੀਨ ਠੇਕੇ 'ਤੇ ਦੇਣ ਤੋਂ ਬਾਅਦ ਪਤਾ ਲੱਗਾ ਕਿ ਉਹ ਸਥਾਨਕ ਇਕ ਵਕੀਲ ਦਾ ਰਿਸ਼ਤੇਦਾਰ ਹੈ, ਜਿਸ ਦੀ ਸ਼ਿਕਾਇਤ 'ਤੇ ਉਸ ਦੇ ਵਿਰੁੱਧ ਮੁਕੱਦਮਾ ਚਲਾਇਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੇ ਬਕਾਇਦਾ ਅਦਾਲਤ ਵਿਚ ਪੇਸ਼ ਹੋ ਕੇ ਜੱਜ ਸਾਹਿਬ ਨੂੰ ਸੁਪਰੀਮ ਕੋਰਟ ਅਦਾਲਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਉਸ 'ਤੇ ਸਥਾਨਕ ਅਦਾਲਤ 'ਚ ਦਾਖਲੇ 'ਤੇ ਪਾਬੰਦੀ ਲੱਗੀ ਹੋਈ ਹੈ। ਇਸ ਲਈ ਇਸ ਕੇਸ ਦੀ ਸੁਣਵਾਈ ਨੂੰ ਰੋਕ ਕੇ ਉਸ ਨੂੰ ਹੋਰ ਸ਼ਹਿਰ ਵਿਚ ਭੇਜਿਆ ਜਾਵੇ, ਜਿਸ 'ਤੇ ਉਸ ਨੂੰ ਯਕੀਨ ਦਿਵਾਇਆ ਗਿਆ ਕਿ ਉਸ ਦੇ ਵਿਰੁੱਧ ਸੁਣਵਾਈ ਨੂੰ ਰੋਕ ਕੇ ਦੂਜੇ ਸ਼ਹਿਰ ਵਿਚ ਭੇਜਣ ਲਈ ਉੱਚ ਅਦਾਲਤ ਨੂੰ ਭੇਜ ਦਿੱਤਾ ਜਾਵੇਗਾ।
 ਇਸ ਦੇ ਬਾਵਜੂਦ ਮੁਕੱਦਮੇ ਦੀ ਸੁਣਵਾਈ ਇਥੇ ਚੱਲਦੀ ਰਹੀ ਅਤੇ ਬੀਤੀ 25 ਜੁਲਾਈ ਨੂੰ ਉਸ ਨੂੰ ਐਕਸ ਪਾਰਟੀ ਕਰਾਰ ਦੇ ਦਿੱਤਾ ਗਿਆ, ਜਿਸ 'ਤੇ ਉਸ ਨੇ ਤੁਰੰਤ ਹਾਈਕੋਰਟ ਵਿਚ ਪੇਸ਼ ਹੋ ਕੇ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਉਸ ਦੇ ਵਿਰੁੱਧ ਚੱਲ ਰਹੇ ਕੇਸ ਦੀ ਸੁਣਵਾਈ ਦੂਜੇ ਸ਼ਹਿਰ 'ਚ ਕਰਨ ਦੀ ਅਪੀਲ ਕੀਤੀ, ਜਿਸ ਨੂੰ ਅਦਾਲਤ ਨੇ ਮੰਨਦੇ ਹੋਏ ਹੁਕਮਾਂ ਦੀ ਕਾਪੀ ਸਥਾਨਕ ਅਦਾਲਤ ਵਿਚ ਤਾਮੀਲ ਕਰਵਾਉਣ ਲਈ ਦੇ ਦਿੱਤੀ।
 ਉਸ ਨੇ ਦੱਸਿਆ ਕਿ ਉਕਤ ਕਾਪੀ ਨੂੰ ਲੈ ਕੇ ਪਿਛਲੇ 24 ਘੰਟੇ ਤੋਂ ਉਹ ਸਥਾਨਕ ਅਦਾਲਤ ਦੇ ਚੱਕਰ ਕੱਟ ਰਹੀ ਹੈ ਪਰ ਕੋਈ ਵੀ ਕਰਮਚਾਰੀ ਉਸ ਦੀ ਕਾਪੀ ਤਾਮੀਲ ਨਹੀਂ ਕਰ ਰਿਹਾ ਸੀ, ਜਿਸ 'ਤੇ ਪਹਿਲਾਂ ਉਸ ਨੇ ਅੱਜ ਸਵੇਰੇ ਸਾਢੇ 9 ਵਜੇ ਜਿਉਂ ਹੀ ਅਦਾਲਤਾਂ ਲੱਗਣੀਆਂ ਸ਼ੁਰੂ ਹੋਈਆਂ ਤਾਂ ਉਹ ਕੰਪਲੈਕਸ ਦੇ ਮੁੱਖ ਗੇਟ 'ਤੇ ਧਰਨਾ ਦੇ ਕੇ ਬੈਠ ਗਈ। ਜਦੋਂ ਫਿਰ ਵੀ ਉਸ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਦੁਪਹਿਰ 2 ਵਜੇ ਉਸ ਨੇ ਕਚਹਿਰੀ ਕੰਪਲੈਕਸ ਦੇ ਮੁੱਖ ਗੇਟ ਨੂੰ ਬੰਦ ਕਰ ਕੇ ਉਸ 'ਤੇ ਤਾਲਾ ਜੜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਅਦਾਲਤ ਕੰਪਲੈਕਸ ਵਿਚ ਤਾਇਨਾਤ ਪੁਲਸ ਅਤੇ ਹੋਰਨਾਂ ਕਰਮਚਾਰੀਆਂ ਦੇ ਹੱਥ-ਪੈਰ ਫੁੱਲ ਗਏ ਅਤੇ ਸਾਰੇ ਕਰਮਚਾਰੀ ਇਕੱਠੇ ਹੋ ਕੇ ਔਰਤ ਦੇ ਕੋਲ ਪੁੱਜ ਗਏ। ਉਸ ਤੋਂ ਤੁਰੰਤ ਅਦਾਲਤ ਦੇ ਹੁਕਮਾਂ ਦੀ ਕਾਪੀ ਲੈ ਕੇ ਉਸ ਨੂੰ ਤਾਮੀਲ ਕਰਵਾ ਕੇ ਵਾਪਸ ਘਰ ਭੇਜ ਦਿੱਤਾ, ਜਿਸ ਤੋਂ ਬਾਅਦ ਔਰਤ ਨੇ ਅਦਾਲਤ ਦਾ ਗੇਟ ਖੋਲ੍ਹਿਆ।
ਇਸ ਸਬੰਧੀ ਪੁੱਛਣ 'ਤੇ ਅਦਾਲਤ ਕੰਪਲੈਕਸ ਵਿਚ ਤਾਇਨਾਤ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਔਰਤ ਕੋਲ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਸੀ, ਜਿਸ ਨੂੰ ਉਨ੍ਹਾਂ ਨੇ ਲੈ ਕੇ ਉਸ ਨੂੰ ਤਾਮੀਲ ਕਰਵਾ ਦਿੱਤਾ ਹੈ। 

 


Related News