''ਖੇਤੀਬਾੜੀ ਵਰਤੋਂ ਵਾਲੇ ਸੜੇ ਟਰਾਂਸਫਾਰਮਰ 48 ਘੰਟੇ ਤੇ ਘਰੇਲੂ 24 ਘੰਟੇ ''ਚ ਬਦਲੇ ਜਾਣਗੇ''

06/27/2017 4:24:33 PM

ਤਰਨਤਾਰਨ - ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦੇ ਵਾਅਦੇ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਅਤੇ ਸਰਕਾਰੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਨਿਗਰਾਨ ਇੰਜੀਨੀਅਰ ਸਕੱਤਰ ਸਿੰਘ ਢਿੱਲੋਂ ਵੱਲੋਂ 66 ਕੇ. ਵੀ. ਪੱਟੀ ਸਿਟੀ, 66 ਕੇ. ਵੀ. ਘਰਿਆਲਾ, 66 ਕੇ. ਵੀ. ਬੋਪਾਰਾਏ, 66 ਕੇ. ਵੀ. ਦੁਬਲੀ ਤੇ 66 ਕੇ. ਵੀ. ਲੌਹੁਕਾ ਦਾ ਦੌਰਾ ਕੀਤਾ ਗਿਆ।  ਇਸ ਮੌਕੇ ਉਨ੍ਹਾਂ ਨਾਲ ਐਕਸੀਅਨ ਕਸ਼ਮੀਰ ਸਿੰਘ ਪੱਟੀ, ਜਸਵਿੰਦਰ ਸਿੰਘ ਐੱਸ. ਡੀ. ਓ. ਪੱਟੀ, ਤੇਜਿੰਦਰ ਸਿੰਘ ਐੱਸ. ਡੀ. ਓ. ਕੈਰੋਂ ਤੇ ਜਸਪਾਲ ਸਿੰਘ ਮਨਾਵਾ ਜੇ. ਈ. ਹਾਜ਼ਰ ਸਨ।
ਨਿਗਰਾਨ ਇੰਜੀਨੀਅਰ ਨੇ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਟਿਊਬਵੈੱਲ ਚਲਾਉਣ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਬਹਾਲ ਕੀਤੀ ਜਾਵੇ ਅਤੇ ਹਨੇਰੀ, ਬਾਰਿਸ਼ ਦੌਰਾਨ ਲਾਈਨਾਂ 'ਚ ਫਾਲਟ ਨਾ ਪੈਣ ਉਸ ਲਈ ਯੋਗ ਉਪਰਾਲੇ ਪਹਿਲਾਂ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਪਲਾਈ ਦੌਰਾਨ ਖੇਤੀਬਾੜੀ ਲਈ ਸੜੇ ਟਰਾਂਸਫਾਰਮਰਾਂ ਨੂੰ 48 ਘੰਟੇ ਤੇ ਘਰੇਲੂ ਟਰਾਂਸਫਾਰਮਰਾਂ ਨੂੰ 24 ਘੰਟੇ 'ਚ ਬਦਲਿਆ ਜਾਵੇਗਾ। ਉਨ੍ਹਾਂ ਪੱਟੀ ਮੰਡਲ ਦੇ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਾਜਾਇਜ਼ ਟਰਾਂਸਫਾਰਮਰਾਂ ਦੀ ਵਰਤੋਂ ਨਾ ਕਰਨ ਕਿਉਂਕਿ ਇਨਫੋਰਸਮੈਂਟ ਵੱਲੋਂ ਪਟਿਆਲਾ ਅਤੇ ਹੋਰ ਇਲਾਕੇ ਦੀਆਂ ਟੀਮਾਂ ਬਣਾ ਕੇ ਸਰਹੱਦੀ ਹਲਕੇ ਦੀ ਛਾਪੇਮਾਰੀ ਤੇ ਜਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਘਰੇਲੂ ਤੇ ਵਪਾਰਕ ਬਿਜਲੀ ਦੀ ਵਰਤੋਂ ਕਰ ਰਹੇ ਖਪਤਕਾਰ ਵੀ ਬਿਜਲੀ ਬਿੱਲਾਂ ਦਾ ਭੁਗਤਾਨ ਸਮੇਂ ਸਿਰ ਕਰਨ ਤਾਂ ਜੋ ਮਹਿਕਮੇ ਵੱਲੋਂ ਨਿਰਵਿਘਨ ਤੇ ਵਧੀਆ ਸਪਲਾਈ ਦਿੱਤੀ ਜਾ ਸਕੇ।


 


Related News