ਓਮ ਪੁਰੀ ਦਾ ਮੁੱਢਲਾ ਜੀਵਨ ਰਿਹਾ ਸੰਘਰਸ਼ ਨਾਲ ਭਰਿਆ

02/10/2016 1:48:52 PM

ਓਮ ਪੁਰੀ ਅਤੇ ਉਨ੍ਹਾਂ ਦੀ ਪਤਨੀ ਨੰਦਿਤਾ ਦਾ 26 ਸਾਲ ਪੁਰਾਣਾ ਵਿਆਹ ਦਾ ਰਿਸ਼ਤਾ ਟੁੱਟ ਗਿਆ ਹੈ। ਇਨ੍ਹਾਂ ਦੇ ਵਿਆਹ ਟੁੱਟਣ ਦਾ ਭਾਵੇਂ ਕੋਈ ਵੀ ਕਾਰਨ ਹੋਵੇ ਪਰ ਨੰਦਿਤਾ ਨੇ ਓਮ ਦੇ ਜੀਵਨ ਬਾਰੇ ਲਿਖੀ ਕਿਤਾਬ ਵਿਚ ਕਿਹਾ ਸੀ ਕਿ ਓਮ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ।  ਓਮ ਰਾਜੇਸ਼ ਪੁਰੀ ਦਾ ਜਨਮ 18 ਅਕਤੂਬਰ, 1950 ਵਿਚ ਪਟਿਆਲਾ, ਪੰਜਾਬ ਵਿਚ ਹੋਇਆ। ਭਾਰਤੀ ਅਤੇ ਬ੍ਰਿਟਿਸ਼ ਫਿਲਮਾਂ, ਕਲਾ ਫਿਲਮਾਂ ਅਤੇ ਥਿਏਟਰ ਵਿਚ ਓਮ ਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਸ ਨੂੰ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।  ਓਮ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਰਿਹਾ। ਸਿਰਫ 7 ਸਾਲ ਦੀ ਉਮਰ ਵਿਚ ਚਾਹ ਵੇਚਣ ਵਾਲਾ ਲੜਕੇ ਦਾ ਫਿਲਮੀ ਦੁਨੀਆ ਵਿਚ ਆਉਣਾ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ। ਓਮ ਪੁਰੀ ਦੀ ਪਤਨੀ ਨੇ ਉਸਦੇ ਜੀਵਨ ਬਾਰੇ ਲਿਖੀ ਕਿਤਾਬ ਵਿਚ ਦੱਸਿਆ ਹੈ,'''' ਓਮ ਦਾ ਪਿਤਾ ਬਹੁਤ ਗੁੱਸੇ ਵਾਲਾ ਸੀ ਇਸ ਕਾਰਨ ਹਰ 6 ਮਹੀਨੇ ਮਗਰੋਂ ਉਹ ਨੌਕਰੀ ਛੱਡ ਘਰ ਬੈਠ ਜਾਂਦਾ ਸੀ। ਜਿਸ ਕਾਰਨ ਉਨ੍ਹਾਂ ਦੇ ਘਰ ''ਤੇ ਇੰਨੀ ਗਰੀਬੀ ਪੈ ਗਈ ਕਿ ਓਮ ਨੂੰ 7 ਸਾਲ ਦੀ ਉਮਰ ਤੋਂ ਚਾਹ ਦੀ ਦੁਕਾਨ ''ਤੇ ਬਰਤਨ ਸਾਫ ਕਰਨ ਦਾ ਕੰਮ ਕਰਨਾ ਪਿਆ।''''
ਓਮ ਦੀ ਇੱਛਾ ਇਕ ਫੌਜੀ ਬਣਨ ਦੀ ਸੀ ਪਰ ਪਰਿਵਾਰ ਦੀਆਂ ਮੁਸ਼ਕਿਲਾਂ ਕਾਰਨ ਅਜਿਹਾ ਨਾ ਹੋ ਸਕਿਆ। ਉਸ ਨੂੰ ਉਸਦੇ ਮਾਮੇ ਦੇ ਕੋਲ ਭੇਜ ਦਿੱਤਾ ਗਿਆ ਤਾਂ ਕਿ ਪਰਿਵਾਰ ਦੇ ਸਿਰ ਤੋਂ ਕੁੱਝ ਭਾਰ ਘੱਟ ਸਕੇ। 
ਨੌਵੀਂ ਜਮਾਤ ਵਿਚ ਪੜ੍ਹਦੇ ਓਮ ਨੂੰ ਅਭਿਨੇਤਾ ਬਣਨ ਦਾ ਸ਼ੌਂਕ ਉਸ ਸਮੇਂ ਹੋਇਆ ਜਦ ਉਸਨੇ ਲਖਨਊ ਵਿਚ ਹੋਣ ਵਾਲੇ ਫਿਲਮ ਆਡੀਸ਼ਨ ਬਾਰੇ ਸੁਣਿਆ। ਓਮ ਨੇ ''ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆੱਫ ਇੰਡੀਆ'', ਪੁਣੇ ਤੋਂ ਗ੍ਰੈਜੁਏਸ਼ਨ ਕੀਤੀ। 1973 ਵਿਚ ਉਹ ਅਤੇ ਨਸੀਰੂਦੀਨ ਸ਼ਾਹ ਸਹਿ ਵਿਦਿਆਰਥੀ ਰਹੇ।  ਓਮ ਨੇ ਦੱਸਿਆ ਹੈ ਕਿ ਉਸਨੇ ਸ਼ੁਰੂ ਵਿਚ ਬਹੁਤ ਹੀ ਘੱਟ ਤਨਖਾਹ ''ਤੇ ਅਦਾਕਾਰੀ ਸ਼ੁਰੂ ਕੀਤੀ । 
ਓਮ ਨੇ ਥਿਏਟਰ ਵੀ ਕੀਤਾ ਹੈ ਅਤੇ 25 ਸਾਲ ਬਾਅਦ ''ਤੇਰੀ ਅੰਮ੍ਰਿਤਾ'' ਨਾਟਕ ਤੋਂ ਮੁੜ ਵਾਪਸੀ ਕੀਤੀ। ''ਘਾਇਲ'' ਫਿਲਮ ਲਈ ਓਮ ਨੂੰ ''ਬੈਸਟ ਸਹਾਇਕ ਅਦਾਕਾਰ'' ਦਾ ਫਿਲਮ ਫੇਅਰ ਅਵਾਰਡ ਮਿਲਿਆ। ਹੁਣ ਓਮ ਨੇ ''ਘਾਇਲ ਵਨਸ ਅਗੇਨ'' ਫਿਲਮ ਵਿਚ ਆਪਣੀ ਕਲਾ ਦੇ ਨਮੂਨੇ ਪੇਸ਼ ਕੀਤੇ ਹਨ। ਓਮ ਦੀ ਝੋਲੀ ਵਿਚ ''ਜਾਨੇ ਭੀ ਦੋ ਯਾਰੋ'', ''ਮਾਚਿਸ'', ''ਗੁਪਤ'', ''ਚਾਚੀ'', ''ਹੇਰਾ ਫੇਰੀ'', ''ਮਾਲਾਮਾਲ ਵੀਕਲੀ'', ''ਸਿੰਘ ਇਜ਼ ਕਿੰਗ'', ''ਮੇਰੇ ਬਾਪ ਪਹਿਲੇ ਆਪ'' ਵਰਗੀਆਂ ਹਿੰਦੀ ਫਿਲਮਾਂ, ਪੰਜਾਬੀ , ਹਿੰਦੀ ਅਤੇ ਕਈ ਹਾਲੀਵੁੱਡ ਫਿਲਮਾਂ ਕੀਤੀਆਂ ਹਨ।  ਇਸ ਤੋਂ ਇਲਾਵਾ ਓਮ ਨੇ ਕਈ ਟੀ.ਵੀ ਸ਼ੋਅ ਜਿਵੇਂ ''ਸਾਵਧਾਨ ਇੰਡੀਆ'', ''ਆਹਟ'' ਆਦਿ ਵੀ ਕੀਤੇ ਹਨ। ਓਮ ਨੂੰ ਬਹੁਤ ਸਾਰੇ ਫਿਲਮ ਫੇਅਰ ਅਵਾਰਡ ਮਿਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਓਮ ਪੁਰੀ ਅਤੇ ਉਨ੍ਹਾਂ ਦੀ ਪਤਨੀ ਨੰਦਿਤਾ ਨੇ ਆਪਣੇ 26 ਸਾਲ ਪੁਰਾਣੇ ਵਿਆਹੁਤਾ ਜੀਵਨ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ। 


Related News